ਜ਼ਿਲ੍ਹਾ ਪੱਧਰੀ ਤੈਰਾਕੀ ਮੁਕਾਬਲੇ ਕਰਵਾਏ
ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਵਾਸੀਆਂ ਨੂੰ ਸਵਿਮਿੰਗ ਪੂਲ ਦੇ ਰੂਪ ਵਿੱਚ ਇੱਕ ਖ਼ੂਬਸੂਰਤ ਤੋਹਫ਼ਾ ਦਿੱਤਾ ਗਿਆ ਹੈ। ਇੱਥੋਂ ਦੇ ਜਿਮਨੇਜ਼ੀਅਮ ਹਾਲ ਦੇ ਖੇਡ ਕੰਪਲੈਕਸ ਵਿੱਚ ਨਵੇਂ ਬਣੇ ਸਵਿਮਿੰਗ ਪੂਲ ਦੇ ਉਦਘਾਟਨ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪੱਧਰੀ ਤੈਰਾਕੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਅੰਡਰ 14 ਲੜਕੇ ਤੇ ਲੜਕੀਆਂ, ਅੰਡਰ 17 ਲੜਕੇ ਤੇ ਲੜਕੀਆਂ, ਅੰਡਰ 19 ਲੜਕੇ ਤੇ ਲੜਕੀਆਂ ਦੇ 50 ਮੀਟਰ ਫ਼ਰੀ ਸਟਾਈਲ, 50 ਮੀਟਰ ਬੈਕ ਸਟ੍ਰੋਕ, 50 ਮੀਟਰ ਬਟਰ ਫਲਾਈ ਅਤੇ 50 ਮੀਟਰ ਬਰੈੱਸਟ ਸਟ੍ਰੋਕ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ 50 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ, ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਵੱਲੋਂ ਸਵਿਮਿੰਗ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਖਿਡਾਰੀ ਨੂੰ 3100 ਰੁਪਏ, ਦੂਸਰੇ ਸਥਾਨ ’ਤੇ ਰਹਿਣ ਵਾਲੇ ਖਿਡਾਰੀ ਨੂੰ 2100 ਰੁਪਏ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਖਿਡਾਰੀ ਨੂੰ 1100 ਰੁਪਏ ਨਕਦ ਇਨਾਮ ਤੇ ਮੈਡਲਾਂ ਨਾਲ ਸਨਮਾਨਿਆ ਗਿਆ। ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਇਹ ਸਵਿਮਿੰਗ ਪੂਲ ਬੱਚਿਆਂ ਲਈ ਬਿਲਕੁਲ ਮੁਫ਼ਤ ਹੋਵੇਗਾ।