ਥਾਣਾ ਦੀਨਾਨਗਰ ਦਾ ਮੁਖੀ ਲਾਈਨ ਹਾਜ਼ਰ
ਨਿੱਜੀ ਪੱਤਰ ਪ੍ਰੇਰਕ
ਦੀਨਾਨਗਰ, 14 ਜੁਲਾਈ
ਥਾਣਾ ਦੀਨਾਨਗਰ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਐੱਸਐੱਸਪੀ, ਗੁਰਦਾਸਪੁਰ ਵੱਲੋਂ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ।
ਮਾਮਲਾ ਇੱਕ ਵਕੀਲ ਦੇ ਚੈਂਬਰ ਵਿੱਚੋਂ ਕਥਿਤ ਮੁਲਜ਼ਮ ਨੂੰ ਜਬਰੀ ਚੁੱਕ ਕੇ ਲੈ ਜਾਣ ਦਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਅਚਾਨਕ ਪੁਲੀਸ ਥਾਣਾ ਦੀਨਾਨਗਰ ਦੇ ਮੁਖੀ ਅਤੇ ਹੋਰ 6 ਤੋਂ 7 ਪੁਲੀਸ ਮੁਲਾਜ਼ਮ ਗੁਰਦਾਸਪੁਰ ਸਥਿਤ ਜ਼ਿਲ੍ਹਾ ਕਚਿਹਰੀ ਵਿੱਚ ਸੀਨੀਅਰ ਵਕੀਲ ਦਿਲਬਾਗ ਸਿੰਘ ਸੈਣੀ ਦੇ ਚੈਂਬਰ ਵਿੱਚ ਆਏ ਅਤੇ ਉੱਥੇ ਆਪਣੇ ਕੇਸ ਦੇ ਸਿਲਸਿਲੇ ਵਿੱਚ ਬੈਠੇ ਉਨ੍ਹਾਂ ਦੇ ਕਲਾਈਂਟ ਪਵਨ ਕੁਮਾਰ ਨੂੰ ਜਬਰਨ ਚੁੱਕ ਕੇ ਲੈ ਗਏ ਸਨ। ਪਵਨ ਕੁਮਾਰ ਇੱਕ ਮਾਮਲੇ ਦੇ ਸਬੰਧ ਵਿੱਚ ਜ਼ਮਾਨਤ ਅਰਜ਼ੀ ਲਗਵਾਉਣ ਲਈ ਵਕੀਲ ਕੋਲ ਆਇਆ ਸੀ। ਪੂਰੇ ਮਾਮਲੇ ਦੀ ਜਾਣਕਾਰੀ ਐਡਵੋਕੇਟ ਦਿਲਬਾਗ ਸਿੰਘ ਸੈਣੀ ਨੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਾਜਪਾਲ ਸਿੰਘ, ਉਪ ਪ੍ਰਧਾਨ ਹਰਪਾਲ ਸਿੰਘ ਗਿੱਲ ਅਤੇ ਅਤੇ ਹੋਰਨਾਂ ਅਹੁਦੇਦਾਰਾਂ ਦੇ ਧਿਆਨ ਵਿੱਚ ਲਿਆਂਦੀ। ਇਸ ਉਪਰੰਤ ਬਾਰ ਐਸੋਸੀਏਸ਼ਨ ਵੱਲੋਂ ਤੁਰੰਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਦਿੱਤੀ ਗਈ ਸੀ।