ਧਾਲੀਵਾਲ ਨੇ ਲਾਇਆ ਲੋਕ ਦਰਬਾਰ
ਪੱਤਰ ਪ੍ਰੇਰਕ
ਅਜਨਾਲਾ, 5 ਜੁਲਾਈ
ਪੰਜਾਬ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਉਪਰੰਤ ਅੱਜ ਹਲਕਾ ਅਜਨਾਲਾ ਵਿੱਚ ਆਪਣੇ ਸਥਾਨਕ ਮੁੱਖ ਦਫ਼ਤਰ ਵਿੱਚ ਪਹੁੰਚੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕੋਲੋਂ ਅਸਤੀਫ਼ਾ ਲਏ ਜਾਣ ’ਤੇ ਹਮਦਰਦੀ ਪ੍ਰਗਟ ਕਰਨ ਆਉਣ ਵਾਲੇ ਆਗੂਆਂ ਅਤੇ ਸਮਰਥਕਾਂ ਨੇ ਸ੍ਰੀ ਧਾਲੀਵਾਲ ਨੂੰ ਚੜ੍ਹਦੀ ਕਲਾ ਵਿੱਚ ਦੇਖਦਿਆਂ ਪਹਿਲਾਂ ਦੀ ਤਰ੍ਹਾਂ ਖਿੜ੍ਹੇ ਚਿਹਰਿਆਂ ਵਿੱਚ ਮਿਲਣੀ ਕੀਤੀ। ਉਨ੍ਹਾਂ ਪਾਰਟੀ ਕਾਰਕੁਨਾਂ ਅਤੇ ਆਗੂਆਂ ਨੂੰ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।
ਇਸ ਮੌਕੇ ਸਾਬਕਾ ਮੰਤਰੀ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਖੁੱਲ੍ਹੇ ਜਨਤਾ ਦਰਬਾਰ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਜੁੜੇ ਪੰਚਾਂ, ਸਰਪੰਚਾਂ, ਪਾਰਟੀ ਆਗੂਆਂ ਤੇ ਵਾਲੰਟੀਅਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਸਾਢੇ ਤਿੰਨ ਸਾਲ ਬਤੌਰ ਕੈਬਨਿਟ ਮੰਤਰੀ ਵਜੋਂ ਜ਼ਿੰਮੇਵਾਰੀ ਨਿਭਾਉਣ ਦੀ ਸੇਵਾ ਸੌਂਪੀ ਸੀ, ਜਿਸ ਵਿੱਚ ਉਹ ਤਨਦੇਹੀ ਨਾਲ ਹਲਕੇ ਸਣੇ ਪੰਜਾਬ, ਪੰਜਾਬੀ, ਪੰਜਾਬੀਅਤ ਦੇ ਮੁੱਦੇ ’ਤੇ ਰੰਗਲੇ ਪੰਜਾਬ ਦੀ ਸਿਰਜਣਾ ਲਈ ਖ਼ਰੇ ਉਤਰੇ ਹਨ। ਸ੍ਰੀ ਧਾਲੀਵਾਲ ਨੇ ਵਾਲੰਟੀਅਰਜ਼, ਆਗੂਆਂ ਤੇ ਪੰਚਾਂ ਸਰਪੰਚਾਂ ਨੂੰ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਸਮਰਪਣ ਭਾਵਨਾ ਨਾਲ ਲੋਕ ਸੇਵਾ ਵਿੱਚ ਸੁਹਿਰਦਤਾ ਨਾਲ ਸਮਰਪਿਤ ਰਹਿਣਗੇ ਅਤੇ ਪ੍ਰਭਾਵਿਤ ਲੋਕਾਂ ਨਿਆਂ ਮਿਲਣ ਵਿੱਚ ਕੋਈ ਦੇਰੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਬਹੁ-ਪੱਖੀ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਜਾਵੇਗੀ ਕਿਉਂਕਿ ਵਿਧਾਇਕ ਵਜੋਂ ਮਿਲਣ ਵਾਲੀ ਪੰਜ ਕਰੋੜ ਰੁਪਏ ਦੀ ਰਕਮ ਸਿਰਫ਼ ਤੇ ਸਿਰਫ਼ ਅਜਨਾਲਾ ਹਲਕੇ ਦੇ ਵਿਕਾਸ ਕਾਰਜਾਂ ਲਈ ਹੀ ਵੰਡੀ ਜਾਵੇਗੀ।