ਪੰਜਾਬ ਵਿੱਚ ਵਿਕਾਸ ਕਾਰਜਾਂ ਨੂੰ ਬਰੇਕ ਲੱਗੀ: ਚੰਨੀ
ਕਾਂਗਰਸੀ ਸੰਸਦ ਮੈਂਬਰ ਵੱਲੋਂ ਉਮੀਦਵਾਰ ਸਰਬਜੀਤ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ
ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਉਸ ਸਮੇਂ ਵੱਡਾ ਸਿਆਸੀ ਹੁਲਾਰਾ ਮਿਲਿਆ ਜਦੋਂ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਚੌਲਾਂਗ ਜ਼ੋਨ ਤੋਂ ਜ਼ਿਲ੍ਹਾ ਪਰਿਸ਼ਦ ਦੀ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਸਰਬਜੀਤ ਸਿੰਘ ਵਲੋਂ ਪਿੰਡ ਭਟਨੂਰਾ ਲੁਬਾਣਾ ਵਿੱਚ ਕਰਵਾਈ ਚੋਣ ਰੈਲੀ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੀ ‘ਆਪ’ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪੰਜਾਬ ਦੀਆਂ ਖਸਤਾ ਹੋਈਆਂ ਲਿੰਕ ਸੜਕਾਂ ’ਤੇ ਜਦੋਂ ਗੱਡੀਆਂ ਚਲਦੀਆਂ ਹਨ ਤਾਂ ਉਸ ਸਮੇਂ ਗੱਡੀਆਂ ਦੇ ਪੁਰਜ਼ੇ ਅਤੇ ਸਵਾਰੀਆਂ ਦੀਆਂ ਹੱਡੀਆਂ ਖੜਕ ਜਾਂਦੀਆਂ ਹਨ। ਪੰਜਾਬ ਦਾ ਸਰਬਪੱਖੀ ਵਿਕਾਸ ਕਰਨ ਨੂੰ ਬਰੇਕਾਂ ਲੱਗ ਗਈਆਂ ਹਨ ਅਤੇ ਦਿਨ ਦਿਹਾੜੇ ਕਤਲ, ਡਾਕੇ, ਚੋਰੀਆਂ, ਨਸ਼ਿਆਂ ਦੇ ਦਰਿਆ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣ ਕਰਕੇ ਅਰਾਜਕਤਾ ਵਰਗਾ ਮਾਹੌਲ ਬਣ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ‘ਆਪ’ ਦੇ ਦਿੱਲੀ ਬੈਠੇ ਸਿਆਸੀ ਆਗੂ ਪੰਜਾਬ ਨੂੰ ਲੁੱਟ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਮੈਂਬਰ ਜਿੱਤਣਗੇ ਅਤੇ ਪੰਜਾਬ ਵਿੱਚ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਬਣੇਗੀ। ਇਸ ਮੌਕੇ ਐਕਸ ਸਰਵਿਸਮੈਨ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੈਪਟਨ ਗੁਰਮੇਲ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕਾਂ ਨੇ ਸਾਬਕਾ ਮੁੱਖ ਮੰਤਰੀ ਚੰਨੀ ਦਾ ਸਨਮਾਨ ਕੀਤਾ। ਸਾਬਕਾ ਸੰਸਦੀ ਸਕੱਤਰ ਕੰਵਲਜੀਤ ਸਿੰਘ ਲਾਲੀ, ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਭੁਪਿੰਦਰ ਸਿੰਘ ਸੈਣੀ, ਸਰਬਜੀਤ ਸਿੰਘ ਭਟਨੂਰਾ ਲੁਬਾਣਾ, ਜਰਨੈਲ ਸਿੰਘ ਬਾਜਵਾ, ਸੰਦੀਪ ਕੌਰ ਐਡਵੋਕੇਟ ਤੇ ਪ੍ਰਿਤਪਾਲ ਕੌਰ ਮਝੈਲ ਨੇ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ।

