ਐਮਰਜੈਂਸੀ ਦੇ 50 ਸਾਲ ਹੋਣ ’ਤੇ ਜਮਹੂਰੀ ਅਧਿਕਾਰ ਸਭਾ ਵੱਲੋਂ ਕਨਵੈਨਸ਼ਨ
ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 22 ਜੂਨ
ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਗੁਰਦਾਸਪੁਰ ਇਕਾਈ ਵੱਲੋਂ ਇੱਥੋਂ ਦੇ ਅਮਰੀਕ ਸਿੰਘ ਯਾਦਗਾਰੀ ਹਾਲ ਵਿੱਚ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਜਗਜੀਵਨ ਲਾਲ, ਯਸ਼ਪਾਲ ਝਬਾਲ, ਸੂਬਾ ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ ਤੇ ਜ਼ਿਲ੍ਹਾ ਸਕੱਤਰ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਇਸ ਵਿੱਚ 25 ਜੂਨ 1975 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਲੋਕਾਂ ਦੇ ਸਾਰੇ ਹੱਕ ਹਕੂਕ ਕੁਚਲ ਕੇ ਐਮਰਜੈਂਸੀ ਲਗਾਉਣ ਦੀ 50ਵੀਂ ਵਰ੍ਹੇਗੰਢ ਮੌਕੇ ਦੇ ਕਾਲੇ ਦੌਰ ਅਤੇ ਮੌਜੂਦਾ ਸਮੇਂ ਜਮਹੂਰੀ ਅਧਿਕਾਰਾਂ ਦੀ ਸਥਿਤੀ ਬਾਰੇ ਚਰਚਾ ਕੀਤੀ ਗਈ।
ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਪ੍ਰੋਫੈਸਰ ਪਰਮਿੰਦਰ ਸਿੰਘ ਨੇ ਕਿਹਾ ਕਿ ਇੰਦਰਾ ਗਾਂਧੀ ਵੱਲੋਂ 25 ਜੂਨ 1975 ਨੂੰ ਐਮਰਜੈਂਸੀ ਲਗਾ ਕੇ ਸਮੁੱਚੇ ਦੇਸ਼ ਦੀਆਂ ਵਿਰੋਧੀ ਰਾਜਨੀਤਕ ਪਾਰਟੀਆਂ, ਤਬਦੀਲੀ ਪਸੰਦ ਨੌਜਵਾਨਾਂ, ਵਿਦਿਆਰਥੀਆਂ, ਬੁੱਧੀਜੀਵੀਆਂ, ਵਕੀਲਾਂ ਅਤੇ ਅਖ਼ਬਾਰਾਂ ਦੇ ਸੰਪਾਦਕਾਂ, ਪੱਤਰਕਾਰਾਂ ਤੇ ਮਾਲਕਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ। ਐਮਰਜੈਂਸੀ ਦੇ ਕਾਲੇ ਦਿਨਾਂ ਦੇ ਪਿੱਛੇ ਸਾਮਰਾਜੀ ਤਾਕਤਾਂ ਦੀਆਂ ਬਸਤੀਵਾਦੀ ਨੀਤੀਆਂ, ਭਾਰਤੀ ਹਾਕਮਾਂ ਦਾ ਲੋਕ ਵਿਰੋਧੀ ਰਵੱਈਆ, ਪੰਜਾਬ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਸਰਕਾਰਾਂ ਖ਼ਿਲਾਫ਼ ਉੱਠ ਰਹੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੀਆਂ ਬਗ਼ਾਵਤਾਂ ਸਨ। ਉਨ੍ਹਾਂ ਮੌਜੂਦਾ ਸਮੇਂ ਵਿੱਚ ਭਾਜਪਾ ਸਰਕਾਰ ਵੱਲੋਂ ਬਹੁ ਰਾਸ਼ਟਰੀ ਕੰਪਨੀਆਂ ਨੂੰ ਭਾਰਤ ਦੇ ਜਲ, ਜੰਗਲ, ਜ਼ਮੀਨ ’ਤੇ ਕਬਜ਼ਾ ਕਰਵਾਉਣ ਹਿਤ ਛੱਤੀਸਗੜ੍ਹ, ਉੜੀਸਾ, ਮਹਾਰਾਸ਼ਟਰ ਦੇ ਜੰਗਲਾਂ ਵਿੱਚ ਰਹਿੰਦੇ ਆਦਿ ਵਾਸੀਆਂ ਨੂੰ ਭਾਰਤੀ ਫ਼ੌਜ ਰਾਹੀਂ ਨਕਸਲਵਾਦ ਦੇ ਕੁਚਲਨ ਦੇ ਨਾਮ ਹੇਠ ਉਜਾੜਿਆ ਜਾ ਰਿਹਾ ਹੈ। ਮਈ 2026 ਤੱਕ ਭਾਰਤ ਨੂੰ ਨਕਸਲ ਮੁਕਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ।
ਬੁਲਾਰਿਆਂ ਪੰਜਾਬ ਦੇ ਬੁੱਧੀਜੀਵੀਆਂ, ਜਮਹੂਰੀ ਅਧਿਕਾਰਾਂ ਦੇ ਅਲੰਬਰਦਾਰ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਅੱਜ ਜੇ ਖਣਿਜ ਪਦਾਰਥਾਂ ਦੀ ਰਾਖੀ ਕਰਨ ਲਈ ਜਦੋ-ਜਹਿਦ ਕਰ ਰਹੇ ਲੋਕਾਂ ਦੇ ਹੱਕਾਂ ਲਈ ਆਵਾਜ਼ ਨਾ ਬੁਲੰਦ ਕੀਤੀ ਤਾਂ ਭਵਿੱਖ ਵਿੱਚ ਇਹ ਜਬਰ ਦਾ ਕੁਹਾੜਾ ਪੰਜਾਬ ਵਿੱਚ ਵੀ ਵਾਪਰਨਾ ਸੁਭਾਵਿਕ ਹੈ। ਸਭਾ ਦੇ ਜਨਰਲ ਸਕੱਤਰ ਅਸ਼ਵਨੀ ਸ਼ਰਮਾ ਨੇ ਗਾਜ਼ਾ ਪੱਟੀ ਵਿੱਚ ਰਾਹਤ ਸਮੱਗਰੀ ਲੈਣ ਜਾ ਰਹੇ ਬੱਚਿਆਂ, ਔਰਤਾਂ ਉਪਰ ਗੋਲੀਆਂ ਵਰ੍ਹਾਉਣ, ਇਰਾਨ ਨੂੰ ਤਬਾਹ ਕਰਨ ਲਈ ਅਮਰੀਕੀ ਸਾਮਰਾਜ ਵੱਲੋਂ ਕੀਤੀ ਕਾਰਵਾਈ ਖ਼ਿਲਾਫ਼ ਮਤਾ ਪੇਸ਼ ਕੀਤਾ।