ਜਮਹੂਰੀ ਫਰੰਟ ਨੇ ਉਮਰ ਖਾਲਿਦ, ਸ਼ਰਜੀਲ ਤੇ ਫਾਤਿਮਾ ਸਣੇ ਹੋਰ ਕਾਰਕੁਨਾਂ ਦੀ ਰਿਹਾਈ ਮੰਗੀ
ਆਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਨੇ ਦਿੱਲੀ ਹਾਈ ਕੋਰਟ ਵੱਲੋਂ ਸਾਬਕਾ ਵਿਦਿਆਰਥੀ ਨੇਤਾ ਉਮਰ ਖ਼ਾਲਿਦ ਅਤੇ ਅੱਠ ਹੋਰ ਜਮਹੂਰੀ ਕਾਰਕੁਨਾਂ ਦੀ ਜ਼ਮਾਨਤ ਖਾਰਜ ਕਰਨ ਦੀ ਨਿੰਦਾ ਕੀਤੀ ਹੈ ਤੇ ਕਾਰਕੁਨਾਂ ਦੀ ਰਿਹਾਈ ਮੰਗੀ ਹੈ। ਫਰੰਟ ਦੇ ਕਨਵੀਨਰਾਂ ਡਾ. ਪਰਮਿੰਦਰ, ਪ੍ਰੋਫੈਸਰ ਏ.ਕੇ. ਮਲੇਰੀ, ਬੂਟਾ ਸਿੰਘ ਮਹਿਮੂਦਪੁਰ ਅਤੇ ਯਸ਼ਪਾਲ ਨੇ ਕਿਹਾ ਕਿ ਇਹ ਫ਼ੈਸਲਾ ਭਾਰਤੀ ਨਿਆਂਪਾਲਿਕਾ ਦੇ ਦੋਹਰੇ ਮਿਆਰਾਂ ਨੂੰ ਬੇਨਕਾਬ ਕਰਦਾ ਹੈ ਅਤੇ ਜਮਹੂਰੀ ਤੇ ਸੰਵਿਧਾਨਕ ਹੱਕਾਂ ਦੀ ਉਲੰਘਣਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਕਾਰਕੁਨਾਂ ਨੂੰ ਮੁਸਲਮਾਨ ਘੱਟਗਿਣਤੀ ਨੂੰ ਨਿਸ਼ਾਨਾ ਬਣਾਉਣ ਵਾਲੇ ਪੱਖਪਾਤੀ ਫਿਰਕੂ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਖਿਲਾਫ਼ ਜਮਹੂਰੀ ਅੰਦੋਲਨ ਦੇ ਦੌਰਾਨ ਹਿੰਸਾ ਭੜਕਾਉਣ ਦੇ ਝੂਠੇ ਇਲਜ਼ਾਮਾਂ ਵਿੱਚ ਫਸਾਇਆ ਗਿਆ ਹੈ। ਉਨ੍ਹਾਂ ਕਿਹਾ ਉਮਰ ਖ਼ਾਲਿਦ, ਸ਼ਰਜ਼ੀਲ ਇਮਾਮ, ਅਥਰ ਖਾਨ, ਖ਼ਾਲਿਦ ਸੈਫੀ, ਗੁਲਫ਼ਿਸ਼ਾ ਫਾਤਿਮਾ, ਮੀਰਾਨ ਹੈਦਰ, ਸ਼ਿਫਾ-ਉਰ-ਰਹਿਮਾਨ, ਮੁਹੰਮਦ ਸਲੀਮ ਖ਼ਾਨ ਅਤੇ ਸ਼ਾਦਾਬ ਅਹਿਮਦ ਅਤੇ ਹੋਰ ਕਾਰਕੁਨ 2020 ਲੈ ਕੇ ਬਿਨਾਂ ਜ਼ਮਾਨਤ, ਬਿਨਾਂ ਮੁਕੱਦਮਾ ਚਲਾਏ ਜੇਲ੍ਹਾਂ ਵਿੱਚ ਬੰਦ ਹਨ। ਫਰੰਟ ਨੇ ਉਨ੍ਹਾਂ ਮੰਗ ਕੀਤੀ ਕਿ ਉਮਰ ਖ਼ਾਲਿਦ ਤੇ ਗੁਲਫ਼ਿਸ਼ਾ ਫਾਤਿਮਾ ਸਹਿਤ ਸਾਰੇ ਜਮਹੂਰੀ ਕਾਰਕੁਨਾਂ ਅਤੇ ਰਾਜਨੀਤਿਕ ਕੈਦੀਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਤੇ ਸੱਤਾ ਨਾਲ ਅਸਹਿਮਤ ਆਵਾਜ਼ਾਂ ਨੂੰ ਦਬਾਉਣ ਲਈ ਬਣਾਏ ਗਏ ਸਾਰੇ ਝੂਠੇ ਕੇਸ ਤੁਰੰਤ ਰੱਦ ਕੀਤੇ ਜਾਣ।