ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹਣ ਦੀ ਮੰਗ
ਇਥੇ ਵੱਖ ਵੱਖ ਧਾਰਮਕ, ਸਮਾਜ ਸੇਵੀ ਅਤੇ ਰਾਜਸੀ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ 7 ਮਈ ਅਪਰੇਸ਼ਨ ਸਿੰਧੂਰ ਦੌਰਾਨ ਬੰਦ ਕੀਤੇ ਲਾਂਘੇ ਨੂੰ ਫਿਰ ਤੋਂ ਸ਼ਰਧਾਲੂਆਂ ਲਈ ਖੋਲ੍ਹਿਆ। ਵੱਖ ਵੱਖ ਆਗੂਆਂ ਨੇ ਪਹਿਲੀ ਪਾਤਸ਼ਾਹੀ...
ਇਥੇ ਵੱਖ ਵੱਖ ਧਾਰਮਕ, ਸਮਾਜ ਸੇਵੀ ਅਤੇ ਰਾਜਸੀ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ 7 ਮਈ ਅਪਰੇਸ਼ਨ ਸਿੰਧੂਰ ਦੌਰਾਨ ਬੰਦ ਕੀਤੇ ਲਾਂਘੇ ਨੂੰ ਫਿਰ ਤੋਂ ਸ਼ਰਧਾਲੂਆਂ ਲਈ ਖੋਲ੍ਹਿਆ। ਵੱਖ ਵੱਖ ਆਗੂਆਂ ਨੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਮੌਕੇ ਸ਼ਰਧਾਲੂਆਂ ਨੂੰ ਨਨਕਾਣਾ ਸਾਹਿਬ ਯਾਤਰਾ ’ਤੇ ਜਾਣ ਦੀ ਪ੍ਰਵਾਨਗੀ ਦੇਣ ਦਾ ਜਿੱਥੇ ਨਿੱਘਾ ਸਵਾਗਤ ਕੀਤਾ ਹੈ, ਉਥੇ ਮੰਗ ਕੀਤੀ ਹੈ ਕਿ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦਾ ਬੰਦ ਕੀਤਾ ਗਿਆ ਲਾਂਘਾ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਫਿਰ ਤੋਂ ਖੋਲ੍ਹਿਆ ਜਾਵੇ। ਇਸੇ ਤਰ੍ਹਾਂ ਕੌਮਾਂਤਰੀ ਸੀਮਾ ’ਤੇ ਸਥਿਤ ਧੁੱਸੀ ਬੰਨ੍ਹ ’ਤੇ ਅੱਜ ਵੀ ਸ਼ਰਧਾਲੂ ਵੱਖ ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਆ ਕੇ ਦੂਰੋਂ ਹੀ ਕਰਤਾਰਪੁਰ ਸਾਹਿਬ ਦੇ ਦੀਦਾਰ ਕਰਦੇ ਹਨ, ਜਦੋਂ ਕਿ ਧੁੱਸੀ ਬੰਨ੍ਹ ’ਤੇ ਦੂਰਬੀਨ ਵੀ ਨਹੀਂ ਲੱਗੀ। ਕਪੂਰਥਲਾ ਤੋਂ ਆਪਣੇ ਪਰਿਵਾਰ ਨਾਲ ਆਏ ਗੁਰਪ੍ਰੀਤ ਸਿੰਘ ਅਤੇ ਬਲਜੀਤ ਸਿੰਘ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪਹਿਲੀ ਪਾਤਸ਼ਾਹੀ ਦੇ ਜਨਮ ਦਿਹਾੜੇ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਜਾਵੇ। ਉਨ੍ਹਾਂ ਧੁੱਸੀ ਬੰਨ੍ਹ ’ਤੇ ਫਿਰ ਤੋਂ ਦੂਰਬੀਨ ਲਗਾਏ ਜਾਣ ਦੀ ਮੰਗ ਵੀ ਕੀਤੀ।
ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਅਤੇ ਗੁਰਿੰਦਰ ਸਿੰਘ ਸ਼ਾਮਪੁਰਾ ਨੇ ਕੇਂਦਰ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਸ਼ਰਧਾਲੂਆਂ ਨੂੰ ਪ੍ਰਵਾਨਗੀ ਦੇਣ ਦਾ ਸਵਾਗਤ ਕਰਦਿਆਂ ਦੱਸਿਆ ਕਿ ਸਰਕਾਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਫਿਰ ਤੋਂ ਖੋਲ੍ਹਣਾ ਚਾਹੀਦਾ ਹੈ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਅਤੇ ਕਈ ਸਾਲ ਤੱਕ ਧੁੱਸੀ ਬੰਨ੍ਹ ’ਤੇ ਅਰਦਾਸ ਕਰਨ ਆਉਂਦੀ ਸੰਗਤ ਦੀ ਅਗਵਾਈ ਕਰਨ ਵਾਲੇ ਗੁਰਿੰਦਰ ਸਿੰਘ ਬਾਜਵਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਨਾਨਕ ਲੇਵਾ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਬੰਦ ਕੀਤਾ ਗਏ ਲਾਂਘੇ ਨੂੰ ਸ਼ਰਧਾਲੂਆਂ ਲਈ ਫਿਰ ਤੋਂ ਖੋਲਿਆ ਜਾਵੇ।