ਵਿਕਾਸ ਕਾਰਜਾਂ ਦੀ ਉਸਾਰੀ ’ਚ ਤੇਜ਼ੀ ਲਿਆਂਦੀ ਜਾਵੇ: ਕਟਾਰੂਚੱਕ
ਐੱਨਪੀ ਧਵਨ
ਪਠਾਨਕੋਟ, 30 ਜੂਨ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਦੇ ਨਿਰਮਾਣ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਉਹ ਹਲਕਾ ਭੋਆ ਦੇ ਬਲਾਕ ਨਰੋਟ ਜੈਮਲ ਸਿੰਘ ਦੀਆਂ 87 ਪੰਚਾਇਤਾਂ ਨਾਲ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਵਿਕਾਸ ਕਾਰਜਾਂ ਬਾਰੇ ਫੀਡਬੈਕ ਲਈ ਅਤੇ ਪੰਚਾਂ, ਸਰਪੰਚਾਂ ਤੋਂ ਪਿੰਡਾਂ ਅੰਦਰ ਹੋਣ ਵਾਲੇ ਹੋਰ ਵਿਕਾਸ ਕਾਰਜਾਂ ਬਾਰੇ ਸੁਝਾਅ ਲਏ। ਉਨ੍ਹਾਂ ਅਧਿਕਾਰੀਆਂ ਨੂੰ ਨਵੇਂ ਵਿਕਾਸ ਕਾਰਜਾਂ ਲਈ ਖਾਕਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਮੁੱਖ ਮੰਤਰੀ ਵੱਲੋਂ ਰੰਗਲਾ ਪੰਜਾਬ ਬਣਾਉਣ ਦੇ ਉਦੇਸ਼ ਨਾਲ ਹਰੇਕ ਹਲਕੇ ਨੂੰ 5 ਕਰੋੜ ਰੁਪਏ ਦੀ ਰਾਸ਼ੀ ਜੋ ਦਿੱਤੀ ਜਾਣੀ ਹੈ, ਵਿੱਚੋਂ ਨਵੇਂ ਕੰਮਾਂ ਨੂੰ ਕਰਵਾਉਣ ਲਈ ਫੰਡ ਦਿੱਤੇ ਜਾ ਸਕਣ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਹਰਦੀਪ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਯੁੱਧਵੀਰ ਸਿੰਘ, ਬੀਡੀਪੀਓ ਨੀਰੂ ਬਾਲਾ, ਬੀਸੀ ਸੈਲ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਕੁਮਾਰ ਸੈਣੀ, ਬਲਾਕ ਪ੍ਰਧਾਨ ਪਵਨ ਕੁਮਾਰ ਫੌਜੀ, ਸੋਹਣ ਲਾਲ, ਖੁਸ਼ਬੀਰ ਕਾਟਲ ਤੇ ਸੁਰਿੰਦਰ ਸ਼ਾਹ, ਮਨਿੰਦਰ ਸਿੰਘ ਅੰਬੀ ਖੜਕੜਾ, ਸਰਪੰਚ ਰੋਜੀ ਸੈਣੀ ਤੇ ਅਨੀਸ਼ਾ ਸੈਣੀ ਆਦਿ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਇਸ ਸਮੇਂ ਵੱਖ-ਵੱਖ ਪਿੰਡਾਂ ’ਚ ਕਿਸੇ ਅੰਦਰ ਕਮਿਊਨਿਟੀ ਹਾਲ ਦਾ ਨਿਰਮਾਣ, ਸੜਕਾਂ ਦੇ ਕਿਨਾਰੇ ਡੰਗਿਆਂ ਦਾ ਨਿਰਮਾਣ, ਸਮਸ਼ਾਨ ਘਾਟ ਦਾ ਨਿਰਮਾਣ, ਛੱਪੜਾਂ ਦਾ ਨਿਰਮਾਣ, ਖੇਡ ਮੈਦਾਨਾਂ ਦਾ ਨਿਰਮਾਣ, ਪਿੰਡਾਂ ਅੰਦਰ ਸੋਲਰ ਲਾਈਟਾਂ ਲਗਾਉਣ, ਗਲੀਆਂ -ਨਾਲੀਆਂ ਆਦਿ ਦੇ ਨਿਰਮਾਣ ਕਾਰਜ ਜੋ ਚੱਲ ਰਹੇ ਹਨ, ਦੇ ਨਿਰਮਾਣ ਕਾਰਜਾਂ ਅੰਦਰ ਤੇਜੀ ਲਿਆਉਣ ਦੀ ਲੋੜ ਹੈ ਤਾਂ ਜੋ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤਾ ਜਾ ਸਕੇ। ਉਨ੍ਹਾਂ ਸਰਪੰਚਾਂ ਅਤੇ ਪੰਚਾਇਤ ਸੈਕਟਰੀਆਂ ਦਰਮਿਆਨ ਬੇਹਤਰ ਤਾਲਮੇਲ ਕਾਇਮ ਕਰਨ ਉਪਰ ਵੀ ਬਲ ਦਿੱਤਾ। ਉਨ੍ਹਾਂ ਕਿਹਾ ਕਿ ਪੰਚਾਇਤਾਂ ਦੀ ਲੋੜ ਅਨੁਸਾਰ ਹੋਰ ਕੰਮਾਂ ਦੀ ਵੀ ਵਿਉਂਤਬੰਦੀ ਕੀਤੀ ਗਈ ਹੈ। ਮੰਤਰੀ ਨੇ ਇਹ ਵੀ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਅੰਦਰ ਬਹੁਤ ਸਾਰੇ ਸ਼ਹੀਦ ਪਰਿਵਾਰ ਅਜਿਹੇ ਹਨ, ਜਿੰਨ੍ਹਾਂ ਦੇ ਪਰਿਵਾਰਿਕ ਮੈਂਬਰ ਵੱਲੋਂ ਸ਼ਹਾਦਤ ਦਿੱਤੀ ਗਈ ਪਰ ਉਨ੍ਹਾਂ ਦੀ ਯਾਦ ਵਿੱਚ ਕੋਈ ਵੀ ਯਾਦਗਾਰ ਨਹੀਂ ਬਣਾਈ ਗਈ। ਹੁਣ ਉਨ੍ਹਾਂ ਵੱਲੋਂ 8 ਪਿੰਡਾਂ ਵਿੱਚ ਸ਼ਹੀਦੀ ਗੇਟਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ।