ਸੰਵਿਧਾਨ ਬਚਾਉਣ ਲਈ ਕਾਂਗਰਸ ਹਰ ਕੁਰਬਾਨੀ ਵਾਸਤੇ ਤਿਆਰ: ਵੜਿੰਗ
ਲਖਨਪਾਲ ਸਿੰਘ/ਜਗਤਾਰ ਸਿੰਘ ਛਿੱਤ
ਮਜੀਠਾ/ਜੈਂਤੀਪੁਰ, 15 ਜੂਨ
ਪੰਜਾਬ ਵਿਧਾਨ ਸਭਾ ਹਲਕਾ ਮਜੀਠਾ ਦੇ ਪਿੰਡ ਕੱਥੂਨੰਗਲ ਵਿੱਚ ਕਸ਼ਮੀਰ ਰਿਜ਼ੌਰਟ ’ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ‘ਸੰਵਿਧਾਨ ਬਚਾਓ’ ਰੈਲੀ ਕੀਤੀ ਗਈ। ਰੈਲੀ ਦੀ ਅਗਵਾਈ ਹਲਕਾ ਮਜੀਠਾ ਦੇ ਕਾਂਗਰਸੀ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਨੇ ਕੀਤੀ। ਰੈਲੀ ’ਚ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਤੇ ਗੁਰਜੀਤ ਸਿੰਘ ਔਜਲਾ, ਵਿਧਾਇਕ ਬਰਿੰਦਰਜੀਤ ਸਿੰਘ ਪਾਹੜਾ, ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ, ਜਸਬੀਰ ਸਿੰਘ ਡਿੰਪਾ, ਹਰਪ੍ਰਤਾਪ ਸਿੰਘ ਅਜਨਾਲਾ, ਸੁਖਵਿੰਦਰ ਸਿੰਘ ਡੈਨੀ, ਕੁਲਬੀਰ ਸਿੰਘ ਜ਼ੀਰਾ, ਹਰਮਿੰਦਰ ਗਿੱਲ, ਸੰਤੋਖ ਸਿੰਘ ਭਲਾਈਪੁਰ, ਸੁਨੀਲ ਦੱਤੀ ਸਣੇ ਹੋਰ ਪ੍ਰਮੁੱਖ ਕਾਂਗਰਸੀ ਆਗੂ ਸ਼ਾਮਲ ਹੋਏ।
ਇਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਰਐੱਸਐੱਸ ਅਤੇ ਭਾਜਪਾ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਿਛਲੇ 11 ਸਾਲਾਂ ਤੋਂ ਕੇਂਦਰ ’ਚ ਸੱਤਾਧਾਰੀ ਭਾਜਪਾ ਦਾ ਭਾਰਤੀ ਸੰਵਿਧਾਨ ’ਚ ਵਿਸ਼ਵਾਸ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਅਤੇ ਆਰਐੱਸਐੱਸ ਨੇ 50 ਸਾਲ ਤੱਕ ਸੰਵਿਧਾਨ ਨੂੰ ਨਾ ਮੰਨਿਆ ਤੇ ਅਟਲ ਬਿਹਾਰੀ ਦੀ ਸਰਕਾਰ ਦੌਰਾਨ ਸੰਵਿਧਾਨ ਸਮੀਖਿਆ ਕਮੇਟੀ ਬਣਾ ਕੇ ਆਪਣੇ ਵਿਰੋਧੀ ਇਰਾਦੇ ਜ਼ਾਹਰ ਕੀਤੇ। ਸ੍ਰੀ ਵੜਿੰਗ ਨੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਵੇਂ ਉਨ੍ਹਾਂ 46 ਸਾਲਾਂ ਬਾਅਦ ਗਿੱਦੜਬਾਹਾ ’ਚ ਅਕਾਲੀ ਦਲ ਦਾ ਬੂਟਾ ਪੁੱਟਿਆ, ਉਸੇ ਤਰ੍ਹਾਂ ਮਜੀਠਾ ’ਚ ਭਗਵੰਤਪਾਲ ਸੱਚਰ ਦੇ ਹੱਥ ਮਜ਼ਬੂਤ ਕਰੋ, ਇਲਾਕੇ ਦੇ ਵਿਕਾਸ ਲਈ ਕੋਈ ਕਮੀ ਨਹੀਂ ਆਵੇਗੀ।
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਦਬਾਅ ਕਾਰਨ ਕੇਂਦਰ ਸਰਕਾਰ ਨੂੰ ਜਾਤੀ ਜਨਗਣਨਾ ਲਈ ਸਹਿਮਤੀ ਦੇਣੀ ਪਈ ਹੈ। ਉਨ੍ਹਾਂ ਨੇ ਸੂਬੇ ਅਤੇ ਦੇਸ਼ ਦੀ ਮਾੜੀ ਹਾਲਤ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਨੌਜਵਾਨ ਵੱਡੀ ਗਿਣਤੀ ’ਚ ਵਿਦੇਸ਼ ਜਾ ਰਹੇ ਹਨ, ਜੋ ਭਵਿੱਖ ਲਈ ਨੁਕਸਾਨਦੇਹ ਹੈ। ਭਗਵੰਤਪਾਲ ਸਿੰਘ ਸੱਚਰ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ’ਚ ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਦੀ ਅਗਵਾਈ ’ਚ ਕਾਂਗਰਸ ਨੇ ਭਾਜਪਾ ਦੀ ਸੰਵਿਧਾਨ ਬਦਲਣ ਦੀ ਨੀਅਤ ਨੂੰ ਨਾਕਾਮ ਕੀਤਾ। ਉਨ੍ਹਾਂ ਨੇ ਡਾ. ਅੰਬੇਡਕਰ ਦੇ ਸੰਵਿਧਾਨ ਦੀ ਰੱਖਿਆ ਲਈ ਪਾਰਟੀ ਦੀ ਵਚਨਬੱਧਤਾ ਨੂੰ ਦੁਹਰਾਇਆ।
ਕੱਥੂਨੰਗਲ ਰੈਲੀ ਤੋਂ ਪਹਿਲਾਂ ਪਾਰਟੀ ਆਗੂਆਂ ਦੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਤਤਕਾਲੀ ਚੇਅਰਮੈਨ ਮਰਹੂਮ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਦੇ ਪੁੱਤਰ ਐਡਵੋਕੇਟ ਅਮਨਦੀਪ ਦੀਪੂ ਜੈਂਤੀਪੁਰ ਦੇ ਘਰ ਪਿੰਡ ਜੈਂਤੀਪੁਰ ਵਿੱਚ ਕੀਤਾ ਗਿਆ ਜੋ ਰੈਲੀ ਦੇ ਰੂਪ ਬਦਲ ਗਿਆ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਬਦਲਾਅ ਦੇ ਨਾਂ ’ਤੇ ਆਈ ‘ਆਪ’ ਗੈਂਗਸਟਰਾਂ ਨੂੰ ਪਨਾਹ ਦੇ ਰਹੀ ਹੈ।