ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਸ਼ਹਿਰ ਦੀ ਅਬਾਦੀ ਭੱਖਾ ਤਾਰਾ ਸਿੰਘ ਵਾਰਡ ਨੰ: 10 ਦੇ ਭਾਰੀ ਬਰਸਾਤਾਂ ਦੇ ਪਾਣੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਬੱਚਿਆਂ ਦੇ ਬੈਠਣ ਤੇ ਪੜ੍ਹਾਈ ਦੇ ਯੋਗ ਬਣਾਉਣ ਲਈ ਕਮਰਿਆਂ ਦੀ ਸਾਫ਼-ਸਫ਼ਾਈ ਲਈ ਚੱਲੀ ਸਫਾਈ ਮੁਹਿੰਮ ਦੀ ਅਗਵਾਈ ਕੀਤੀ।ਉਨ੍ਹਾਂ ਕਿਹਾ ਕਿ ਹੜ੍ਹਾਂ ਵੱਲੋਂ ਮਚਾਈ ਗਈ ਤਬਾਹੀ ਦੇ ਮੱਦੇਨਜ਼ਰ ਅਜਨਾਲਾ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ‘ਚ ਲਗਭਗ ਸਾਰੇ ਸਕੂਲ ਪ੍ਰਭਾਵਿਤ ਹੋਏ ਸਨ, ਜਿਨ੍ਹਾਂ ’ਚ 44 ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦਾ ਕਾਫੀ ਨੁਕਸਾਨ ਹੋਇਆ, ਜਿਸ ਵਿੱਚ 31 ਪ੍ਰਾਇਮਰੀ ਤੇ 13 ਸੀਨੀਅਰ ਸੈਕੰਡਰੀ ਸਕੂਲ ਸ਼ਾਮਲ ਹਨ।ਉਨ੍ਹਾਂ ਕਿਹਾ ਕਿ 23 ਸਤੰਬਰ ਮੰਗਲਵਾਰ ਤੋਂ ਬੱਚਿਆਂ ਦੀ ਪੜ੍ਹਾਈ ਯਕੀਨੀ ਬਣਾਉਣ ਲਈ ਸਕੂਲਾਂ ਦੀ ਸਾਫ਼ਾ-ਸਫ਼ਾਈ ਦਾ ਕੰਮ ਨੇਪੜੇ ਚਾੜ ਲਿਆ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਚਾਰ ਸਕੂਲਾਂ ਨੂੰ ਅਸੁਰੱਖਿਅਤ ਐਲਾਨਿਆਂ ਗਿਆ ਹੈ, ਜਦੋਂਕਿ ਆਮ ਦਿਨਾਂ ਵਾਂਗ 23 ਸਤੰਬਰ ਤੋਂ ਸਕੂਲ ਖੋਲ੍ਹਣ ਲਈ ਸਰਕਾਰ ਵਲੋਂ ਸਿੱਖਿਆ ਵਿਭਾਗ ਨੂੰ ਦਿੱਤੀਆਂ ਗਈਆਂ ਹਦਾਇਤਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜਿਨ੍ਹਾਂ ਸਕੂਲਾਂ ਦੀਆਂ ਇਮਾਰਤਾਂ ਦਾ ਵੱਧ ਨੁਕਸਾਨ ਹੋਇਆ ਹੈ, ਉਨ੍ਹਾਂ ਸਕੂਲਾਂ ਦੇ ਬੱਚੇ ਨੇੜਲੇ ਪਿੰਡਾਂ ਦੇ ਸਕੂਲਾਂ ਵਿੱਚ ਪੜ੍ਹਾਈ ਲਈ ਹਰ ਹੀਲੇ ਭੇਜਣ ਦੇ ਪ੍ਰਬੰਧ ਕੀਤੇ ਜਾਣ ਅਤੇ ਜਿਹੜੇ ਸਕੂਲਾਂ ’ਚ ਕੁੱਝ ਕਮਰੇ ਅਸੁਰੱਖਿਅਤ ਹਨ ਉਨ੍ਹਾਂ ਨੂੰ ਬੰਦ ਰੱਖਿਆ ਜਾਵੇ।