ਹੜ੍ਹ ਦੀ ਮਾਰ ਹੇਠਲੇ ਪਿੰਡਾਂ ਵਿੱਚ ਸਫ਼ਾਈ ਮੁਹਿੰਮ ਸ਼ੁਰੂ
ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਹੜ੍ਹ ਪ੍ਰਭਾਵਿਤ 25 ਪਿੰਡਾਂ ਵਿੱਚ ਅੱਜ ਸਫਾਈ ਮੁਹਿੰਮ ਦੀ ਸ਼ੁਰੂਆਤ ਕਰਵਾਈ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਦੇ ਬਹੁਤ ਸਾਰੇ ਖੇਤਰ ਅੰਦਰ ਹੜ੍ਹਾਂ ਦੀ ਕੁਦਰਤੀ ਮਾਰ ਹੇਠ ਵੱਡਾ ਖੇਤਰ ਪ੍ਰਭਾਵਿਤ ਹੋਇਆ। ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਤਾਸ਼, ਮਾਖਣਪੁਰ, ਬਰਮਾਲ ਜੱਟਾਂ, ਅਖਵਾਨਾ, ਮੰਝੀਰੀ ਜੱਟਾਂ, ਮੰਝੀਰੀ ਆਰੀਆਂ, ਸ਼ੇਖੂਪੁਰ ਮੰਝੀਰੀ, ਮੰਝੀਰੀ ਰਾਜਪੂਤਾਂ, ਪਹਾੜੀਪੁਰ, ਫਰਵਾਲ, ਬਮਿਆਲ, ਭਗਵਾਲ, ਦਤਿਆਲ, ਜੈਨਪੁਰ, ਝਾੜਕ, ਪੰਮਾਂ, ਕੋਹਲੀਆਂ, ਅਨਿਆਲ, ਕਿੱਲਪੁਰ, ਗਾਜੀ ਬਾੜਵਾਂ, ਝੜੋਲੀ, ਬਸਾਊ ਬਾੜਵਾਂ, ਆਦਮ ਬਾੜਵਾਂ, ਕਾਂਸ਼ੀ ਬਾੜਵਾਂ ਅਤੇ ਖੁਦਾਈਪੁਰ ਅੰਦਰ ਮਹਾਂ ਸਫਾਈ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਤੋਂ ਬਾਅਦ ਹੜ੍ਹ ਪ੍ਰਭਾਵਿਤ ਖੇਤਰਾਂ ਅੰਦਰ ਬਿਮਾਰੀਆਂ ਫੈਲਣ ਦਾ ਖਦਸ਼ਾ ਰਹਿੰਦਾ ਹੈ। ਇਸ ਕਰਕੇ ਲੋਕਾਂ ਨੂੰ ਗੰਦਗੀ ਤੋਂ ਮੁਕਤੀ ਦਿਵਾਉਣ ਦੇ ਉਦੇਸ਼ ਨਾਲ ਇਹ ਸਫਾਈ ਮੁਹਿੰਮ ਚਲਾਈ ਗਈ ਹੈ। ਇਸ ਤੋਂ ਇਲਾਵਾ ਜਿੱਥੇ ਪਾਣੀ ਖੜ੍ਹਾ ਹੈ ਉੱਥੇ ਸਪਰੇਅ ਕੀਤਾ ਗਿਆ ਹੈ, ਮੱਛਰਾਂ ਤੋਂ ਬਚਾਅ ਲਈ ਫੌਗਿੰਗ ਕੀਤੀ ਗਈ ਹੈ। ਮੌਕੇ ’ਤੇ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਮੁਹਿੰਮ 10 ਦਿਨਾਂ ਤੱਕ ਜਾਰੀ ਰਹੇਗਾ। ਇਸ ਮੁਹਿੰਮ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ ਨਰੇਸ਼ ਸੈਣੀ, ਬਲਾਕ ਪ੍ਰਧਾਨ ਪਵਨ ਕੁਮਾਰ ਫੌਜੀ, ਰਜਿੰਦਰ ਭਿੱਲਾ, ਸੁਰਿੰਦਰ ਸ਼ਾਹ, ਸੂਬੇਦਾਰ ਕੁਲਵੰਤ ਸਿੰਘ ਤੇ ਬਲਜਿੰਦਰ ਕੌਰ, ਬਮਿਆਲ ਦੇ ਸਰਪੰਚ ਮੁਨੀਸ਼ ਗੁਪਤਾ, ਭੁਪਿੰਦਰ ਸਿੰਘ ਮੁੰਨਾ, ਲਵਲੀ ਮੰਝੀਰੀ, ਰਾਜ ਕੁਮਾਰ ਸਰਪੰਚ ਕੋਹਲੀਆਂ, ਅਮਿਤ ਕੁਮਾਰ, ਬਲਜਿੰਦਰ ਸਿੰਘ ਪ੍ਰਧਾਨ ਕਿਸਾਨ ਵਿੰਗ ਆਦਿ ਸ਼ਾਮਲ ਸਨ।