ਸਿਵਲ ਸਰਜਨ ਵੱਲੋਂ ਸਿਵਲ ਹਸਪਤਾਲ ਦੀ ਚੈਕਿੰਗ
ਸਿਵਲ ਸਰਜਨ ਡਾ. ਕਿਰਨਦੀਪ ਕੌਰ ਵੱਲੋਂ ਅੱਜ ਇੱਥੇ ਸਿਵਲ ਹਸਪਤਾਲ ਵਿੱਚ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਓਪੀਡੀ ਦੇ ਬਾਹਰ ਮਰੀਜ਼ਾਂ ਨਾਲ ਗੱਲਬਾਤ ਕੀਤੀ ਗਈ ਅਤੇ ਮਰੀਜ਼ਾਂ ਦੀਆਂ ਪਰਚੀਆਂ ਦੀ ਪੜਤਾਲ ਕੀਤੀ ਕਿ ਕਿਸੇ ਮਰੀਜ਼ ਨੂੰ ਕੋਈ ਬਾਹਰੋਂ ਦਵਾਈ ਤਾਂ ਨਹੀਂ ਲਿਖੀ ਹੋਈ। ਇਸ ਚੈਕਿੰਗ ਦੌਰਾਨ ਉਨ੍ਹਾਂ ਨੇ ਪਾਇਆ ਕਿ ਕੁਝ ਮਰੀਜ਼ ਬਾਹਰੋਂ ਦਵਾਈ ਲੈਣ ਜਾ ਰਹੇ ਸਨ, ਜਿਸ ਦੀ ਜਾਂਚ ਕਰਦਿਆਂ ਇਹ ਪਤਾ ਲੱਗਾ ਕਿ ਸਿਵਲ ਹਸਪਤਾਲ ਵਿੱਚ ਸਥਿਤ ਫਾਰਮੈਸੀ ਦੇ ਅਫਸਰਾਂ ਦੀ ਅਣਗਹਿਲੀ ਕਾਰਨ ਅਜਿਹਾ ਵਾਪਰ ਰਿਹਾ ਹੈ। ਕੁਝ ਫਾਰਮੈਸੀ ਅਫਸਰਾਂ ਵੱਲੋਂ ਮੇਨ ਸਟੋਕ ਵਿੱਚੋਂ ਉਕਤ ਦਵਾਈਆਂ ਕਢਵਾਈਆਂ ਹੀ ਨਹੀਂ ਗਈਆਂ, ਜਿਸ ’ਤੇ ਸਿਵਲ ਸਰਜਨ ਵੱਲੋਂ ਸਖਤ ਨਰਾਜ਼ਗੀ ਜ਼ਾਹਰ ਕਰਦਿਆਂ ਉਨ੍ਹਾਂ ਨੂੰ ਸਖਤ ਤਾੜਨਾ ਕੀਤੀ ਕਿ ਉਹ ਆਪਣੇ ਕੰਮ ਵਿੱਚ ਸੁਧਾਰ ਲਿਆਉਣ, ਨਹੀਂ ਤਾਂ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਸੀਨੀਅਰ ਮੈਡੀਕਲ ਅਫਸਰ ਅਤੇ ਸਮੂਹ ਮੈਡੀਕਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਕਿਸੇ ਵੀ ਮਰੀਜ਼ ਨੂੰ ਬਾਹਰੋਂ ਦਵਾਈ ਨਾ ਲਿਖੀ ਜਾਵੇ।