ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਤੇ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਮਕੌੜਾ ਪੱਤਣ ਵਿਖੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ
ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ ਅਤੇ ਜਲ ਸਰੋਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਅੱਜ ਜ਼ਿਲ੍ਹਾ ਗੁਰਦਾਸਪੁਰ ਵਿੱਚ ਰਾਵੀ ਦਰਿਆ ਦੇ ਮਕੌੜਾ ਪੱਤਣ ਦਾ ਦੌਰਾ ਕੀਤਾ ਗਿਆ ਅਤੇ ਹੜ੍ਹ ਕਾਰਨ ਟੁੱਟੇ ਧੁੱਸੀ ਬੰਨ੍ਹ ਨੂੰ ਪੂਰੇ ਜਾਣ ਦੇ ਕੰਮ ਦਾ ਜਾਇਜ਼ਾ ਲਿਆ।
ਉਨ੍ਹਾਂ ਕਿਹਾ ਕਿ ਰਾਵੀ ਦਰਿਆ ਵਿੱਚ ਬਹੁਤ ਜ਼ਿਆਦਾ ਪਾਣੀ ਆਉਣ ਕਾਰਨ ਧੁੱਸੀ ਬੰਨ੍ਹ ਨੂੰ ਨੁਕਸਾਨ ਪਹੁੰਚਿਆ ਹੈ ਜਿਸ ਕਾਰਨ ਰਾਵੀ ਦੇ ਨਾਲ ਲੱਗਦੇ ਜ਼ਿਲ੍ਹਾ ਗੁਰਦਾਸਪੁਰ ਦੇ 324 ਪਿੰਡ ਹੜ੍ਹ ਦੀ ਲਪੇਟ ਵਿੱਚ ਆਏ ਹਨ।
ਉਨ੍ਹਾਂ ਕਿਹਾ ਕਿ ਹੁਣ ਦਰਿਆ ਵਿੱਚ ਪਾਣੀ ਦਾ ਪੱਧਰ ਘਟਿਆ ਹੈ ਜਿਸ ਕਾਰਨ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਵੀ ਪਾਣੀ ਘੱਟ ਰਿਹਾ ਹੈ। ਹੁਣ ਜੇਕਰ ਬਹੁਤ ਜ਼ਿਆਦਾ ਬਾਰਸ਼ ਨਾ ਹੋਈ ਅਤੇ ਦਰਿਆ ਵਿੱਚ ਵੀ ਸਮਰੱਥਾ ਤੋਂ ਜ਼ਿਆਦਾ ਪਾਣੀ ਨਾ ਆਇਆ ਤਾਂ ਖ਼ਤਰੇ ਦੀ ਕੋਈ ਗੱਲ ਨਹੀਂ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧੁੱਸੀ ਬੰਨ੍ਹ ਵਿੱਚ ਪਏ ਪਾੜਾਂ ਨੂੰ ਪੂਰਿਆ ਜਾ ਰਿਹਾ ਹੈ ।
ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜਾਂ ਨੂੰ ਹੋਰ ਤੇਜ਼ ਕਰਨ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਰਾਹਤ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਵੱਧ ਤੋਂ ਵੱਧ ਮੈਡੀਕਲ ਟੀਮਾਂ ਦੀ ਤਾਇਨਾਤੀ ਕੀਤੀ ਜਾਵੇ ਅਤੇ ਹੋਰ ਲੋੜਵੰਦ ਤੱਕ ਸਰਕਾਰ ਵੱਲੋਂ ਰਾਹਤ ਪਹੁੰਚਾਈ ਜਾਵੇ।
ਇਸ ਦੇ ਨਾਲ ਹੀ ਪਸ਼ੂਆਂ ਲਈ ਚਾਰੇ ਅਤੇ ਉਨ੍ਹਾਂ ਦੇ ਇਲਾਜ ਲਈ ਵੀ ਪਸ਼ੂ ਪਾਲਣ ਵਿਭਾਗ ਵੱਲੋਂ ਹਰ ਹੜ੍ਹ ਪ੍ਰਭਾਵਿਤ ਪਿੰਡ ਤੱਕ ਪਹੁੰਚ ਕੀਤੀ ਜਾਵੇ। ਰਾਜ ਸਰਕਾਰ ਵੱਲੋਂ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਅਨੁਮਾਨ ਲਗਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਰਾਹਤ ਦਿੱਤੀ ਜਾਵੇਗੀ। ਸੰਕਟ ਦੀ ਇਸ ਘੜੀ ਵਿੱਚ ਪੰਜਾਬ ਸਰਕਾਰ ਆਪਣੇ ਲੋਕਾਂ ਦੇ ਨਾਲ ਹੈ।