ਮੁੱਖ ਮੰਤਰੀ ਪਠਾਨਕੋਟ ਦੀਆਂ 74 ਸੜਕਾਂ ਲਈ ਵਿਸ਼ੇਸ਼ ਫੰਡ ਦਿੱਤੇ: ਕਟਾਰੂਚੱਕ
ਵਿਧਾਨ ਸਭਾ ਹਲਕਾ ਭੋਆ ਦੇ ਭੀਮਪੁਰ ਪੁਲ ਨੇੜੇ ਘਰੋਟਾ ਵਾਲੀ 11 ਕਿਲੋਮੀਟਰ ਲੰਬੀ ਸੜਕ ਦੀ ਅਪਗ੍ਰੇਡੇਸ਼ਨ ਦਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਨੀਂਹ ਪੱਥਰ ਰੱਖਿਆ। ਇਸ ਸੜਕ ਨੂੰ ਲਿੰਕ ਰੋਡ ਤੋਂ ਪਲਾਨ ਰੋਡ ਵਿੱਚ ਬਦਲਿਆ ਗਿਆ ਹੈ। ਇਸ ਦੇ ਤਹਿਤ ਹੁਣ ਇਹ ਸੜਕ 10 ਫੁੱਟ ਦੀ ਥਾਂ ਤੇ 18 ਫੁੱਟ ਚੌੜੀ ਬਣੇਗੀ ਤੇ ਇਸ ਉੱਪਰ 9.65 ਕਰੋੜ ਰੁਪਏ ਦੀ ਲਾਗਤ ਆਵੇਗੀ। ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਸ ਹਲਕੇ ਦੀਆਂ 74 ਸੜਕਾਂ ਲਈ ਵਿਸ਼ੇਸ਼ ਫੰਡ ਦਿੱਤੇ ਹਨ। ਇਸ ਮੌਕੇ ਪੀਡਬਲਯੂਡੀ ਦੇ ਐਕਸੀਅਨ ਕਮਲ ਨੈਣ, ਚੇਅਰਮੈਨ ਮਨੋਹਰ ਠਾਕੁਰ, ਬਲਾਕ ਪ੍ਰਧਾਨ ਪਵਨ ਕੁਮਾਰ ਫੌਜੀ, ਚੋਹਾਨਾ ਦੇ ਸਰਪੰਚ ਕਰਨਲ ਅਸ਼ੋਕ ਸ਼ਰਮਾ, ਘਰੋਟਾ ਦੇ ਸਰਪੰਚ ਸੰਜੀਵ ਰੋਡਾ, ਚਸ਼ਮਾ ਦੇ ਸਰਪੰਚ ਅਸ਼ਵਨੀ ਸਰਪੰਚ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।
ਮੰਤਰੀ ਕਟਾਰੂਚੱਕ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਇੱਥੋਂ ਦੇ ਲੋਕਾਂ ਦੀ ਇਸ ਸੜਕ ਦੀ ਦਿੱਕਤ ਦੂਰ ਨਹੀਂ ਹੋਈ। 30-35 ਪਿੰਡਾਂ ਦੇ ਲੋਕ ਕਈ ਸਾਲਾਂ ਤੋਂ ਪ੍ਰੇਸ਼ਾਨ ਹੁੰਦੇ ਰਹੇ। ਉਹ ਜਦੋਂ ਵਿਧਾਇਕ ਬਣ ਕੇ ਮੰਤਰੀ ਬਣੇ ਤਾਂ ਉਨ੍ਹਾਂ ਦੇ ਮਨ ਵਿੱਚ ਇੱਕੋ ਹੀ ਚਾਅ ਸੀ ਕਿ ਉਹ ਪਲ ਜਲਦੀ ਆਉਣ ਜਦੋਂ ਉਹ ਇਸ ਹਲਕੇ ਦੀਆਂ ਸੜਕਾਂ ਦਾ ਨਿਰਮਾਣ ਕਰ ਸਕਣ।
ਇਸ ਉਪਰੰਤ ਮੰਤਰੀ ਨੇ ਪਿੰਡ ਲਾਹੜੀ ਗੁਜਰਾਂ ਵਿੱਚ 20 ਲੱਖ ਰੁਪਏ ਦੀ ਲਾਗਤ ਨਾਲ ਜੰਗਲਾਤ ਵਿਭਾਗ ਵੱਲੋਂ ਨੇਚਰ ਪਾਰਕ ਬਣਾਉਣ ਦਾ ਐਲਾਨ ਵੀ ਕੀਤਾ। ਪਿੰਡ ਕਟਾਰੂਚੱਕ ਵਿੱਚ ਤੀਆਂ ਦੇ ਸਮਾਗਮ ਵਿੱਚ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਉਨ੍ਹਾਂ ਦੀ ਪਤਨੀ ਉਰਮਿਲਾ ਦੇਵੀ ਵੀ ਸ਼ਾਮਲ ਹੋਏ। ਉਨ੍ਹਾਂ ਪ੍ਰੋਗਰਾਮ ਪੇਸ਼ ਕਰਨ ਵਾਲੀਆਂ ਲੜਕੀਆਂ ਦਾ ਸਨਮਾਨ ਕੀਤਾ।