ਭਗਤ ਪੂਰਨ ਸਿੰਘ ਦੀ ਬਰਸੀ ਨੂੰ ਸਮਰਪਿਤ ਸਮਾਰੋਹ
ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਦੀ 33ਵੀਂ ਬਰਸੀ ਨੂੰ ਸਮਰਪਿਤ ਆਰੰਭ ਕੀਤੇ ਸਮਾਗਮਾਂ ਦੀ ਲੜੀ ਤਹਿਤ ਅੱਜ ਪਿੰਗਲਵਾੜਾ ਸੰਸਥਾ ਦੇ ਵਿਦਿਅਕ ਅਦਾਰਿਆਂ ਦੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਤੇ ਵੱਖ-ਵੱਖ ਵਾਰਡਾਂ ਦੇ ਵਸਨੀਕਾਂ ਵੱਲੋਂ ਸਾਲਾਨਾ ਇਨਾਮ ਵੰਡ ਸਮਾਰੋਹ ਪਿੰਗਲਵਾੜਾ ਸੰਸਥਾ ਦੇ ਮੁੱਖ ਦਫ਼ਤਰ ਵਿੱਚ ਮਨਾਇਆ ਗਿਆ। ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸਤਿਕਾਰਤ ਮਹਿਮਾਨ ਵਜੋਂ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਪਹੁੰਚੇ। ਸੰਸਥਾ ਮੁਖੀ ਡਾ. ਇੰਦਰਜੀਤ ਕੌਰ ਨੇ ਮਹਿਮਾਨਾਂ ਦਾ ਸਨਮਾਨ ਕੀਤਾ। ਸਮਾਗਮ ਵਿਚ ਭੰਗੜੇ ਅਤੇ ਗਿੱਧੇ ਤੋਂ ਇਲਾਵਾ ਪਿੰਗਲਵਾੜਾ ਦੇ ਸੇਵਾਦਾਰਾਂ ਤੇ ਮਰੀਜ਼ਾਂ ਵੱਲੋਂ ਵੀ ਵਾਤਾਵਰਨ ਵਿੱਚ ਪਾਣੀ ਦੀ ਮਹੱਤਤਾ ਤੇ ਨਾਟਕ ਪੇਸ਼ ਕੀਤਾ ਗਿਆ। ਉਪਰੰਤ ਮੈਰਿਟ ’ਤੇ ਆਏ ਤੇ ਹੋਰ ਹੋਣਹਾਰ ਬੱਚਿਆਂ ਦਾ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਡੈੱਫ਼ ਸਕੂਲ ਦੇ ਅਧਿਆਪਕਾਂ ਨੂੰ ਵਧੀਆ ਕਾਰਗੁਜ਼ਾਰੀ ਤੇ ਡਿਪਟੀ ਕਮਿਸ਼ਨਰ ਵੱਲੋਂ ਨਗਦ ਇਨਾਮ ਦਿੱਤਾ ਗਿਆ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਿੰਗਲਵਾੜਾ ਦੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਇੰਦਰਜੀਤ ਕੌਰ ਨੇ ਸਮਾਜ ਦੀ ਨਿੱਘਰਦੀ ਜਾ ਰਹੀ ਹਾਲਤ ਤੇ ਚਿੰਤਾ ਪ੍ਰਗਟਾਈ।