ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਬੰਦੀ ਸਿੰਘਾਂ ਨੂੰ ਰਿਹਾਅ ਕਰੇ ਕੇਂਦਰ: ਧਾਲੀਵਾਲ
ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਇਥੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਮਨੁੱਖੀ ਕਦਰਾਂ ਕੀਮਤਾਂ ਤੇ ਸੰਵਿਧਾਨਿਕ ਆਸਥਾ ਦੀ ਬਹਾਲੀ ਲਈ ਕੇਂਦਰ ਸਰਕਾਰ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਬਣਦੇ ਪੁਖ਼ਤਾ ਕਦਮ ਚੁੱਕੇ। ਉਨ੍ਹਾਂ ਕਿਹਾ ਕਿ ਕਿ ਪੰਜਾਬ ’ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ/ਫਿਰਕਾਪ੍ਰਸਤ ਅਨਸਰਾਂ ਨੂੰ ਸਖਤ ਕਾਨੂੰਨੀ ਸਜ਼ਾਵਾਂ ਦੇਣ ਲਈ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ’ਚ ਪੇਸ਼ ਕੀਤੇ ਗਏ ਬੇਅਦਬੀਆਂ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ -2025 ਦੇ ਖਰੜੇ ’ਚ ਸੋਧਾਂ ਲਈ ਸੁਝਾਅ ਲੈਣ ਹਿੱਤ ਕਾਂਗਰਸ, ਅਕਾਲੀ ਤੇ ਭਾਜਪਾ ਵਿਧਾਇਕਾਂ ਦੀ ਸ਼ਮੂਲੀਅਤ ਨਾਲ ਸਿਲੈਕਟ ਕਮੇਟੀ ਗਠਿਤ ਕੀਤੀ ਹੈ, ਜਿਸ ਨੂੰ ਉਨ੍ਹਾਂ ਨੇ ਸੁਝਾਓ ਭੇਜਿਆ ਹੈ ਕਿ ਕਮੇਟੀ ਵੱਖ-ਵੱਖ ਧਾਰਮਿਕ, ਸਮਾਜਿਕ, ਧਾਰਮਿਕ ਆਗੂਆਂ ਤੇ ਯੂਨੀਵਰਸਿਟੀਆਂ/ਕਾਲਜਾਂ ਦੇ ਸਿੱਖ ਸਾਕਾਲਰਾਂ ਕੋਲੋ ਸੁਝਾਅ ਹਾਸਲ ਕਰਨ ਦੇ ਨਾਲ-ਨਾਲ ਸੁਪਰੀਮ ਕੋਰਟ ਅਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਮਾਹਿਰ ਸਿੱਖ ਜਸਟਿਸ ਸਾਹਿਬਾਨ ਕੋਲ ਪਹੁੰਚ ਕਰਕੇ ਬੇਅਦਬੀ ਵਿਰੁੱਧ ਸਖ਼ਤ ਕਾਨੰਨ ਘੜਨ ਲਈ ਕਾਨੂੰਨੀ ਸੁਝਾਅ ਜ਼ਰੂਰ ਪ੍ਰਾਪਤ ਕੀਤੇ ਜਾਣ। ਇਸ ਮੌਕੇ ਉਨ੍ਹਾਂ ਲਾਏ ਜਨਤਾ ਦਰਬਾਰ ਦੌਰਾਨ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਡੀ ਐਸ ਪੀ ਗੁਰਵਿੰਦਰ ਸਿੰਘ ਔਲਖ, ਐੱਸਐੱਚਓ ਅਜਨਾਲਾ ਹਰਚੰਦ ਸਿੰਘ, ਚੇਅਰਮੈਨ ਬਲਦੇਵ ਸਿੰਘ ਬੱਬੂ, ਸ਼ਹਿਰੀ ਪ੍ਰਧਾਨ ਅਮਿਤ ਔਲ ਆਦਿ ਮੌਜੂਦ ਸਨ।