ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਿਹੈ ਕੇਂਦਰ: ਧਾਲੀਵਾਲ
ਇੱਥੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਹਲਕਾ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਰਾਵੀ ਦਰਿਆ ਦੇ ਹੜ੍ਹਾਂ ਦੀ ਮਾਰ ਦੇ ਝੰਭੇ ਅਤੇ ਅਜੇ ਵੀ ਪਾਣੀ ’ਚ ਡੁੱਬੇ ਪਿੰਡ ਕੱਲੋਮਾਹਲ, ਸੁਲਤਾਨਮਾਹਲ ਤੇ ਦਹੂਰੀਆਂ ਵਿੱਚ ਹੜ੍ਹ ਪੀੜਤਾਂ ਦੀ ਸਾਰ ਲੈਣ ਲਈ ਪੁੱਜੇ। ਉਨ੍ਹਾਂ ਹੜ੍ਹ ਪੀੜਤਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਭਰੋਸਾ ਦਿੱਤਾ ਗਿਆ ਕਿ ਸੂਬਾ ਸਰਕਾਰ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਅਤੇ ਫ਼ਸਲਾਂ, ਘਰਾਂ, ਪਸ਼ੂਆਂ ਤੇ ਮਨੁੱਖੀ ਜਾਨਾਂ ਆਦਿ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਵਜੋਂ ਲੋੜੀਂਦੀ ਰਾਹਤ ਰਾਸ਼ੀ ਦੇਣ ਲਈ ਵਚਨਬੱਧ ਹੈ। ਇਸ ਮੌਕੇ ਵਿਧਾਇਕਾ ਅਨਮੋਲ ਗਗਨ ਮਾਨ ਆਪਣੇ ਸਮਰਥਕਾਂ ਨਾਲ ਪੰਜ ਗੱਡੀਆਂ ਭਰ ਕੇ ਲਿਆਂਦੇ ਗਏ ਫੋਲਡਿੰਗ ਮੰਜਿਆਂ, ਤਰਪਾਲਾਂ, ਮੱਛਰਦਾਨੀਆਂ, ਦਰੀਆਂ, ਅਚਾਰ, ਚਾਰਾ, ਟਾਰਚਾਂ, ਆਡੋਮਾਸ, ਮੋਮਬੱਤੀਆਂ, ਸਮੇਤ ਖੰਡ, ਚਾਹ, ਆਦਿ ਘਰੇਲੂ ਵਰਤੋਂ ਦੀਆਂ ਜ਼ਰੂਰੀ ਵਸਤਾਂ ਨੂੰ ਵਿਧਾਇਕ ਸ੍ਰੀ ਧਾਲੀਵਾਲ ਨਾਲ ਲੈ ਕੇ ਪੁੱਜੇ। ਇਸ ਮੌਕੇ ਸ੍ਰੀ ਧਾਲੀਵਾਲ ਨੇ ਕੇਂਦਰ ਸਰਕਾਰ ਵੱਲੋਂ ਹੜ੍ਹਾਂ ਦੀ ਤ੍ਰਾਸਦੀ ਹੰਢਾਅ ਰਹੇ ਪੰਜਾਬ ਵਾਸੀਆਂ ਲਈ ਅਜੇ ਤੱਕ ਵੀ ਕੋਈ ਰਾਹਤ ਪੈਕੇਜ ਜਾਰੀ ਨਾ ਕੀਤੇ ਜਾਣ ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਅਸਲ ’ਚ ਜ਼ਮੀਨੀ ਰਾਹਤ ਦੀ ਮੁੱਢਲੀ ਜ਼ਿੰਮੇਵਾਰੀ ਕੇਂਦਰ ਸਰਕਾਰ ’ਤੇ ਆਉਂਦੀ ਹੈ ਪਰ ਇਸ ਨੂੰ ਸੂਬਿਆਂ ’ਤੇ ਸੁੱਟ ਕੇ ਕੇਂਦਰ ਖ਼ੁਦ ਨੂੰ ਸੁਰਖਰੂ ਹੋਇਆ ਮਹਿਸੂਸ ਕਰ ਰਹੀ ਹੈ। ਸ੍ਰੀ ਧਾਲੀਵਾਲ ਨੇ ਕਿਹਾ ਕਿ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਨੇ ਪੰਜਾਬ ਦੇ ਹੜ੍ਹਾਂ ਦੀ ਮਾਰ ਦੇ ਖੇਤਰ ਦਾ ਜਾਇਜ਼ਾ ਲੈਂਦਿਆਂ ਪ੍ਰਵਾਨ ਕਰ ਲਿਆ ਹੈ ਕਿ ਪੰਜਾਬ ’ਚ ਹੜ੍ਹਾਂ ਨਾਲ ਫ਼ਸਲਾਂ ਮੁਕੰਮਲ ਤੌਰ ’ਤੇ ਬਰਬਾਦ ਹੋ ਚੁੱਕੀਆਂ ਹਨ ਅਤੇ ਕੇਂਦਰੀ ਟੀਮਾਂ ਵੱਲੋਂ ਵੀ ਜਾਇਜ਼ਾ ਲਿਆ ਗਿਆ ਹੈ ਪਰ ਅਜੇ ਤੱਕ ਵੀ ਕੇਂਦਰ ਸਰਕਾਰ ਪੰਜਾਬ ਨਾਲ ਇਸ ਤ੍ਰਾਸਦੀ ਦੇ ਬਾਵਜੂਦ ਫ਼ਸਲਾਂ ਦੇ ਖਰਾਬੇ ਲਈ 80 ਹਜ਼ਾਰ ਰੁਪਏ ਪ੍ਰਤੀ ਏਕੜ, ਖੇਤੀ ਕਾਮਿਆਂ ਲਈ ਮੁਆਵਜ਼ਾ 1-1 ਲੱਖ ਰੁਪਏ, ਮਰੇ ਪਸ਼ੂਆਂ ਲਈ 1-1 ਲੱਖ ਰੁਪਏ, ਹੜ੍ਹ ’ਚ ਮਰੇ ਵਿਅਕਤੀਆਂ ਲਈ 20-20 ਲੱਖ ਰੁਪਏ ਰਾਹਤ ਫੰਡ ਜਾਰੀ ਕਰਨ ’ਚ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ।
ਜੀਟੀਯੂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਲੱਖ ਰੁਪਏ ਦਾ ਚੈੱਕ ਸੌਂਪਿਆ
ਤਲਵਾੜਾ: ਗੌਰਮਿੰਟ ਟੀਰਚਜ਼ ਯੂਨੀਅਨ (ਜੀਟੀਯੂ) ਜ਼ਿਲ੍ਹਾ ਹੁਸ਼ਿਆਰਪੁਰ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਇੱਕ ਲੱਖ ਰੁਪਏ ਦੀ ਸਹਾਇਤਾ ਪੰਜਾਬ ਸਰਕਾਰ ਨੂੰ ਦਿੱਤੀ ਹੈ। ਇਸ ਸਬੰਧੀ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ (ਅ.ਸ) ਅਮਨਦੀਪ ਸ਼ਰਮਾ ਨੇ ਦੱਸਿਆ ਜੀਟੀਯੂ ਬਲਾਕ -1, ਜ਼ਿਲ੍ਹਾ ਹੁਸ਼ਿਆਰਪੁਰ ਦੇ ਅਧਿਆਪਕਾਂ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਇੱਕ ਲੱਖ ਰੁਪਿਆ ਇਕੱਠਾ ਕੀਤਾ ਗਿਆ ਹੈ। ਅੱਜ ਬੀਪੀਈਓ ਚਰਨਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਜੀਟੀਯੂ ਦੇ ਬਲਾਕ ਪ੍ਰਧਾਨ ਸਚਿਨ ਕੁਮਾਰ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੋਂ ਦਵਿੰਦਰ ਹੁਸ਼ਿਆਰਪੁਰ, ਸੰਦੀਪ ਸਿੰਘ, ਵਿਕਾਸ ਸ਼ਰਮਾ ਦੇ ਵਫ਼ਦ ਨੇ ਐੱਸਡੀਐਮ ਗੁਰਸਿਰਮਨਰਜੀਤ ਕੌਰ ਰਾਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੈੱਕ ਸੌਂਪਿਆ। -ਪੱਤਰ ਪ੍ਰੇਰਕ