ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਭਲਾਈਪੁਰ ਡੋਗਰਾਂ ਦੇ ਵਾਸੀ ਜਸਵੰਤ ਸਿੰਘ ਦੇ ਘਰੋਂ ਮੰਗਲਵਾਰ ਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਚੋਰ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਲੈ ਗਏ| ਇਸ ਸਬੰਧੀ ਥਾਣਾ ਦੇ ਏ ਐੱਸ ਆਈ ਪਿਆਰਾ ਸਿੰਘ ਨੇ ਮੌਕੇ ਦਾ ਨਿਰੀਖਣ ਕਰ ਕੇ ਕੇਸ ਦਰਜ ਕੀਤਾ ਹੈ। ਜਸਵੰਤ ਸਿੰਘ ਨੇ ਦੱਸਿਆ ਕਿ ਮੰਗਲ-ਬੁੱਧਵਾਰ ਦੀ ਰਾਤ ਵੇਲੇ ਉਹ ਪਰਿਵਾਰ ਸਮੇਤ ਆਪਣੇ ਘਰ ਅੰਦਰ ਸੌਂ ਰਿਹਾ ਸੀ| ਉਨ੍ਹਾਂ ਵਾਰਦਾਤ ਬਾਰੇ ਸਵੇਰ ਵੇਲੇ ਉੱਠ ਕੇ ਦੇਖਿਆ ਕਿ ਉਸ ਦੇ ਘਰ ਦੇ ਬੈੱਡ ਰੂਮ ਆਦਿ ਦੇ ਤਾਲੇ ਟੁੱਟੇ ਹੋਏ ਸਨ ਅਤੇ ਘਰੋਂ 23 ਤੋਲਾ ਸੋਨੇ ਦੇ ਗਹਿਣੇ ਅਤੇ ਉਸ ਦੇ ਪਰਸ ਵਿੱਚ ਰੱਖੇ 23,000 ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ ਸਨ| ਥਾਣਾ ਵੈਰੋਵਾਲ ਦੇ ਮੁਖੀ ਨੇ ਦੱਸਿਆ ਕਿ ਪੁਲੀਸ ਨੇ ਇਲਾਕੇ ਅੰਦਰ ਘਰਾਂ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਘੋਖ ਸ਼ੁਰੂ ਕੀਤੀ ਹੈ|