ਸਾਬਕਾ ਵਿਧਾਇਕ ਦੇ ਪੋਤੇ ’ਤੇ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ
ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਸੀ ਸੀ ਟੀ ਵੀ ਫੁਟੇਜ ਫਰੋਲਣ ਦੀ ਕਾਰਵਾੲੀ ਜਾਰੀ
ਪਿੰਡ ਘੁੰਮਣ ਕਲਾਂ ਵਿੱਚ ਮੰਗਲਵਾਰ ਸ਼ਾਮ ਨੂੰ ਸਾਬਕਾ ਵਿਧਾਇਕ ਮਰਹੂਮ ਹਰਬੰਸ ਸਿੰਘ ਘੁੰਮਣ ਦੇ ਪੋਤਰੇ ਪਹਿਲਜੀਤ ਸਿੰਘ ਨੂੰ ਗੋਲੀਆਂ ਮਾਰ ਗੰਭੀਰ ਜ਼ਖ਼ਮੀ ਕਰਨ ਦੇ ਦੋਸ਼ ਹੇਠ ਥਾਣਾ ਘੁੰਮਣ ਕਲਾਂ ਦੀ ਪੁਲੀਸ ਨੇ ਮੋਟਰਸਾਈਕਲ ਸਵਾਰ ਦੋ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਆਸ-ਪਾਸ ਇਲਾਕੇ ਦੀ ਸੀ ਸੀ ਟੀ ਵੀ ਫੁਟੇਜ ਖੰਗਾਲ ਰਹੀ ਹੈ।
ਥਾਣਾ ਘੁੰਮਣ ਕਲਾਂ ਦੇ ਮੁਖੀ ਸਬ ਇੰਸਪੈਕਟਰ ਜਗਦੀਸ ਸਿੰਘ ਨੇ ਦੱਸਿਆ ਰਣਧੀਰ ਸਿੰਘ ਪੁੱਤਰ ਮਰਹੂਮ ਹਰਬੰਸ ਸਿੰਘ ਸਾਬਕਾ ਵਿਧਾਇਕ ਵਾਸੀ ਘੁੰਮਣ ਕਲਾਂ ਨੇ ਦੱਸਿਆ ਕਿ ਬੀਤੇ ਦਿਨ ਉਸ ਦਾ ਭਤੀਜਾ ਪਹਿਲਜੀਤ ਸਿੰਘ ਖੇਤ ਕੰਮ ਕਰਨ ਮਗਰੋਂ ਆਪਣੀ ਸਕੂਟਰੀ ’ਤੇ ਪਿੰਡ ਘੁੰਮਣ ਕਲਾਂ ਨੂੰ ਜਾਂਦਿਆਂ ਪਿੰਡ ਦੇ ਸਮਸ਼ਾਨਘਾਟ ਨੇੜੇ ਪੁੱਜਾ ਤਾਂ ਕੁੰਜਰ ਵਾਲੇ ਪਾਸਿਓਂ ਇੱਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਲਗਾਤਾਰ ਤਿੰਨ ਫਾਇਰ ਪਹਿਲਜੀਤ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਕੀਤੇ ਅਤੇ ਘੁੰਮਣ ਕਲਾਂ ਵਾਲੇ ਪਾਸੇ ਫਰਾਰ ਹੋ ਗਏ।
ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋਏ ਪਹਿਲਜੀਤ ਸਿੰਘ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਹੈ। ਥਾਣਾ ਮੁਖੀ ਨੇ ਦੱਸਿਆ ਰਣਧੀਰ ਸਿੰਘ ਦੇ ਬਿਆਨਾਂ ਮੁਤਾਬਕ ਮੋਟਰਸਾਈਕਲ ਸਵਾਰ ਦੋ ਅਣਪਛਾਤਿਆਂ ਖ਼ਿਲਾਫ਼ 109, 3(5) ਬੀ ਐੱਨ ਐੱਸ, 25-54-59 ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਸੀ ਸੀ ਟੀ ਵੀ ਫੁਟੇਜ ਖੰਘਾਲੀ ਜਾ ਰਹੀ ਹੈ।

