ਸਹਿਕਾਰੀ ਖੇਤੀਬਾੜੀ ਸਭਾ ਦੇ ਸਕੱਤਰ ਖ਼ਿਲਾਫ਼ ਕੇਸ ਦਰਜ
ਕਰਤਾਰਪੁਰ, 24 ਅਪਰੈਲ
ਚਿੱਟੀ ਸਹਿਕਾਰੀ ਖੇਤੀਬਾੜੀ ਬਹੁਮੰਤਵੀ ਸਭਾ ਵਿੱਚ ਲੱਖਾਂ ਰੁਪਏ ਦੀ ਹੇਰਾ-ਫੇਰੀ ਸਬੰਧੀ ਇੰਸਪੈਕਟਰ ਆਡਿਟ ਦੀਪਕ ਕੁਮਾਰ ਵੱਲੋਂ ਸਹਿਕਾਰਤਾ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜੀ ਰਿਪੋਰਟ ਦੇ ਆਧਾਰ ’ਤੇ ਸਭਾ ਦੇ ਸਕੱਤਰ ਖ਼ਿਲਾਫ਼ ਲਾਂਬੜਾ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
ਇੰਸਪੈਕਟਰ ਆਡਿਟ ਦੀ ਰਿਪੋਰਟ ਅਨੁਸਾਰ ਸਭਾ ਦੇ ਸੇਲਜਮੈਨ, ਜਿਸ ਕੋਲ ਸਕੱਤਰ ਦਾ ਵਾਧੂ ਚਾਰਜ ਵੀ ਸੀ, ਸਭਾ ਦੀ ਪ੍ਰਬੰਧਕੀ ਕਮੇਟੀ ਤੋਂ ਬਿਨਾਂ ਕੋਈ ਮਨਜ਼ੂਰੀ ਜਾਂ ਛੁੱਟੀ ਲਏ ਬਿਨਾਂ ਵਿਦੇਸ਼ ਚਲਾ ਗਿਆ ਸੀ। ਸਭਾ ਨੂੰ ਸਹੀ ਢੰਗ ਨਾਲ ਚਲਾਉਣ ਦੇ ਮੰਤਬ ਨਾਲ ਪ੍ਰਬੰਧਕੀ ਕਮੇਟੀ ਨੇ ਮਤਾ ਪਾਸ ਕਰਕੇ ਪ੍ਰਦੀਪ ਕੁਮਾਰ ਨੂੰ ਸਭਾ ਦਾ ਚਾਰਜ ਦੇ ਦਿੱਤਾ ਸੀ। ਖੇਤੀਬਾੜੀ ਸਭਾ ਵਿੱਚ ਹੋਈਆਂ ਊਣਤਾਈਆਂ ਦੀ ਜਾਂਚ ਲਈ ਪ੍ਰਦੀਪ ਕੁਮਾਰ ਨੇ ਪ੍ਰਬੰਧਕੀ ਕਮੇਟੀ ਦੀ ਸਹਿਮਤੀ ਨਾਲ ਸਹਿਕਾਰਤਾ ਵਿਭਾਗ ਦੇ ਉੱਚ ਅਫਸਰਾਂ ਤੱਕ ਪਹੁੰਚ ਕੀਤੀ ਗਈ ਸੀ।
ਇਸ ਸਬੰਧੀ ਸਭਾ ਦੇ ਪ੍ਰਧਾਨ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਸਭਾ ਵਿੱਚ ਉਨ੍ਹਾਂ ਨੇ ਪ੍ਰਬੰਧਕੀ ਕਮੇਟੀ ਦੀ ਸਹਿਮਤੀ ਨਾਲ ਸਹਿਕਾਰੀ ਸਭਾਵਾਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਂਚ ਲਈ ਪੱਤਰ ਲਿਖਿਆ ਸੀ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਕੀਤੀ ਜਾਂਚ ਦੀ ਰਿਪੋਰਟ ਅਨੁਸਾਰ ਜੋ ਘਪਲਾ ਸਾਹਮਣੇ ਆਇਆ ਹੈ, ਉਸ ਦੇ ਅਧਾਰ ’ਤੇ ਸਹਿਕਾਰਤਾ ਵਿਭਾਗ ਦੀਆਂ ਨਿਰਦੇਸ਼ਾਂ ਅਨੁਸਾਰ ਪੁਲੀਸ ਤੱਕ ਪਹੁੰਚ ਕਰਕੇ ਘਪਲੇ ਲਈ ਕਥਿਤ ਦੋਸ਼ੀ ਵਿਰੁੱਧ ਢੁੱਕਵੀਂ ਕਾਰਵਾਈ ਕਰਨ ਲਈ ਲਿਖਿਆ ਗਿਆ ਸੀ।
ਥਾਣਾ ਲਾਂਬੜਾ ਦੇ ਮੁਖੀ ਪ੍ਰਮੋਦ ਕੁਮਾਰ ਨੇ ਸਭਾ ਦੇ ਸਕੱਤਰ ਖ਼ਿਲਾਫ਼ ਮਾਮਲਾ ਦਰਜ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲੀਸ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਅਤੇ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।