ਕੈਬਨਿਟ ਮੰਤਰੀ ਵੱਲੋਂ ਘਰੋਟਾ ਵਿੱਚ ਸਕੂਲ ਆਫ ਹੈਪੀਨੈੱਸ ਦਾ ਨੀਂਹ ਪੱਥਰ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਘਰੋਟਾ ਅੰਦਰ 40 ਲੱਖ 40 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਸਕੂਲ ਆਫ ਹੈਪੀਨੈੱਸ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ। ਭੂਮੀ ਪੂਜਨ ਤੋਂ ਬਾਅਦ ਉਨ੍ਹਾਂ ਇੱਟ ਲਗਾ ਕੇ ਨੀਂਹ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਮਾਰਕੀਟ ਕਮੇਟੀ ਨਰੋਟ ਜੈਮਲ ਸਿੰਘ ਦੇ ਚੇਅਰਮੈਨ ਠਾਕੁਰ ਮਨੋਹਰ ਸਿੰਘ, ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਕਮਲਜੀਤ ਕੌਰ, ਸਰਪੰਚ ਸੰਜੀਵ ਕੁਮਾਰ, ਬੀਪੀਈਓ ਪੰਕਜ ਅਰੋੜਾ, ਪ੍ਰਿੰਸੀਪਲ ਪੰਕਜ ਮਹਾਜਨ, ਪੰਚਾਇਤ ਮੈਂਬਰ ਸੰਜੀਵ ਮਹਿਰਾ, ਲਾਡੀ ਸ਼ਰਮਾ ਤੇ ਦੇਵ ਦੱਤ, ਗੁਰਮੀਤ ਕੌਰ, ਬਲਾਕ ਪ੍ਰਧਾਨ ਸੰਦੀਪ ਕੁਮਾਰ ਆਦਿ ਹਾਜ਼ਰ ਸਨ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸ਼ਹੀਦ ਦਲੀਪ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਘਰੋਟਾ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪੂਰੇ ਪੰਜਾਬ ਅੰਦਰ ਸਿਹਤ ਅਤੇ ਸਿੱਖਿਆ ਦੇ ਖੇਤਰ ਅੰਦਰ ਭਾਰੀ ਬਦਲਾਅ ਲਿਆਂਦਾ ਗਿਆ ਹੈ। ਬੜੀ ਖੁਸ਼ੀ ਦੀ ਗੱਲ ਹੈ ਕਿ ਕਦੇ ਪੰਜਾਬ ਸਿੱਖਿਆ ਦੇ ਖੇਤਰ ਅੰਦਰ 14-15ਵੇਂ ਨੰਬਰ ਤੇ ਸੀ ਪਰ ਅੱਜ ਪੰਜਾਬ, ਸਿੱਖਿਆ ਦੇ ਖੇਤਰ ਅੰਦਰ ਮੈਰਿਟ ਸਥਾਨ ਪ੍ਰਾਪਤ ਕਰਕੇ ਅਪਣੀ ਵੱਖਰੀ ਪਹਿਚਾਣ ਬਣਾ ਰਿਹਾ ਹੈ। ਸਿਖਿਆ ਕ੍ਰਾਂਤੀ ਦੇ ਤਹਿਤ ਹੀ ਮੁੱਖ ਮੰਤਰੀ ਵੱਲੋਂ ਘਰੋਟਾ ਨੂੰ ਸਕੂਲ ਆਫ ਹੈਪੀਨੈਸ ਦਾ ਤੋਹਫਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਅੰਦਰ ਬਣਨ ਵਾਲਾ ਇਹ ਪੰਜਵਾਂ ਸਕੂਲ ਆਫ ਹੈਪੀਨੈੱਸ ਹੈ।
ਕੈਬਨਿਟ ਮੰਤਰੀ ਨੇ ਅੱਗੇ ਕਿਹਾ ਇਸ ਸਕੂਲ ਨੂੰ ਆਧੁਨਿਕ ਸੁਵਿਧਾਵਾਂ ਨਾਲ ਲੈਸ ਕੀਤਾ ਜਾਵੇਗਾ ਅਤੇ ਵਧੀਆ ਕੰਪਿਊਟਰ ਲੈਬ ਤੇ ਸਮਾਰਟ ਕਲਾਸ ਰੂਮ ਬਣਾਏ ਜਾਣਗੇ। ਇਸ ਦੇ ਇਲਾਵਾ ਬੱਚਿਆਂ ਲਈ ਝੂਲੇ ਵੀ ਲਗਾ ਕੇ ਦਿੱਤੇ ਜਾਣਗੇ।