ਅੰਮ੍ਰਿਤਸਰ ਤੋਂ ਮਹਿਤਾ ਰੂਟ ’ਤੇ ਬੱਸ ਸੇਵਾ ਮੁੜ ਸ਼ੁਰੂ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 12 ਜੂਨ
ਅੰਮ੍ਰਿਤਸਰ ਤੋਂ ਮਹਿਤਾ ਰੂਟ ਦੀ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਬੱਸ ਸੇਵਾ ਨੂੰ ਮੁੜ ਸ਼ੁਰੂ ਕੀਤਾ ਹੈ, ਜਿਸ ਨਾਲ ਲੋਕਾਂ ਨੂੰ ਕਾਫੀ ਸਹੂਲਤ ਮਿਲੇਗੀ। ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਨੇ ਝੰਡੀ ਦੇ ਕੇ ਮੁੜ ਅੰਮ੍ਰਿਤਸਰ ਤੋਂ ਮਹਿਤਾ ਰੂਟ ਦੀ ਬੱਸ ਸੇਵਾ ਨੂੰ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਬੱਸ ਸੇਵਾ ਡਰਾਈਵਰਾਂ ਦੀ ਘਾਟ ਕਰਕੇ ਪਿਛਲੇ ਲੰਬੇ ਸਮੇਂ ਤੋਂ ਬੰਦ ਸੀ। ਉਨ੍ਹਾਂ ਦੱਸਿਆ ਕਿ ਇਸ ਬੱਸ ਸੇਵਾ ਦੇ ਚਾਲੂ ਹੋਣ ਨਾਲ ਦਬੁਰਜੀ, ਮਾਨਾਂਵਾਲਾ, ਜੰਡਿਆਲਾ, ਮੱਲ੍ਹੀਆਂ, ਟਾਂਗਰਾ, ਚੌਹਾਨ, ਖਿੱਲਚੀਆਂ, ਬਾਣੀਆਂ, ਧੂਲਕਾ, ਬੇਰੀ ਡੇਹਰੀਵਾਲ, ਕਾਲੇਕੇ, ਜਸਪਾਲ, ਸਿੰਘਪੁਰਾ, ਕੋਟ ਹਯਾਤ, ਸੈਦਪੁਰ, ਮਹਿਸਮਪੁਰ, ਜਲਾਲਉਸਮਾਂ, ਨਾਥ ਦੀ ਖੂਹੀ, ਭਦੇਹ, ਉਦੋਨੰਗਲ ਦੇ ਵਸਨੀਕਾਂ, ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਕਾਫੀ ਸਹੂਲਤ ਮਿਲੇਗੀ। ਕੈਬਨਿਟ ਮੰਤਰੀ ਈ.ਟੀ.ਓ ਨੇ ਦੱਸਿਆ ਕਿ ਇਹ ਬੱਸ ਮਹਿਤਾ ਤੋਂ ਰੋਜ਼ਾਨਾ ਸਵੇਰੇ 6:30 ਵਜੇ ਚੱਲ ਕੇ ਸਵੇਰੇ 8:30 ਵਜੇ ਤੱਕ ਅੰਮ੍ਰਿਤਸਰ ਪੁੱਜੇਗੀ ਅਤੇ ਇਸੇ ਤਰ੍ਹਾਂ ਸ਼ਾਮ 3:30 ਵਜੇ ਚੱਲ ਕੇ 5:30 ਵਜੇ ਮਹਿਤਾ ਵਿੱਚ ਰੋਜ਼ਾਨਾ ਬੰਦ ਹੋਵੇਗੀ।