ਬੀਐੱਸਐੱਫ ਸਰਹੱਦੀ ਖੇਤਰ ਵਿੱਚੋਂ ਦੋ ਡਰੋਨ ਅਤੇ ਤਿੰਨ ਪੈਕੇਟ ਹੈਰੋਇਨ ਬਰਾਮਦ
ਬੀਐੱਸਐੱਫ ਨੇ ਸਰਹੱਦੀ ਖੇਤਰ ਵਿੱਚੋਂ ਦੋ ਡਰੋਨ ਅਤੇ ਤਿੰਨ ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਬੀਐੱਸਐੱਫ ਦੇ ਅਧਿਕਾਰੀ ਨੇ ਦੱਸਿਆ ਕਿ ਬੀਐੱਸਐੱਫ ਵੱਲੋਂ ਵੱਖ-ਵੱਖ ਥਾਵਾਂ ’ਤੇ ਕੀਤੀ ਗਈ ਕਾਰਵਾਈ ਦੌਰਾਨ ਸਰਹੱਦੀ ਖੇਤਰ ਵਿੱਚੋਂ ਦੋ ਡਰੋਨ ਬਰਾਮਦ ਕੀਤੇ ਗਏ ਹਨ ਅਤੇ ਲਗਭਗ 1600 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ ’ਤੇ ਬੀਐੱਸਐੱਫ ਨੇ ਪਿੰਡ ਦਾਓਕੇ ਵਿੱਚੋਂ ਇੱਕ ਪੈਕੇਟ ਹੈਰੋਇਨ ਬਰਾਮਦ ਕੀਤੀ ਹੈ, ਜਿਸ ਵਿੱਚ ਲਗਭਗ 508 ਗ੍ਰਾਮ ਨਸ਼ੀਲਾ ਪਦਾਰਥ ਹੈ। ਇਹ ਪੈਕੇਟ ਪੀਲੇ ਰੰਗ ਦੀ ਟੇਪ ਨਾਲ ਲਪੇਟਿਆ ਹੋਇਆ ਸੀ ਅਤੇ ਇਸ ਨਾਲ ਲੋਹੇ ਦਾ ਇੱਕ ਰਿੰਗ ਵੀ ਲੱਗਾ ਹੋਇਆ ਸੀ।
ਬੀਐੱਸਐੱਫ ਨੇ 600 ਗ੍ਰਾਮ ਹੈਰੋਇਨ ਦਾ ਇੱਕ ਹੋਰ ਪੈਕੇਟ ਪਿੰਡ ਰੋੜਾਵਾਲਾ ਖੁਰਦ ਦੇ ਇਲਾਕੇ ਵਿੱਚੋਂ ਬਰਾਮਦ ਕੀਤਾ ਹੈ। ਇਹ ਪੈਕੇਟ ਵੀ ਪੀਲੇ ਰੰਗ ਦੀ ਟੇਪ ਨਾਲ ਲਪੇਟਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇੱਕ ਵੱਖਰੀ ਘਟਨਾ ਦੌਰਾਨ ਇੱਕ ਹੋਰ ਪੈਕੇਟ, ਜਿਸ ਵਿੱਚੋਂ 505 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਪਿੰਡ ਉਤਾਰ ਧਾਲੀਵਾਲ ਦੇ ਇਲਾਕੇ ਵਿੱਚੋਂ ਬਰਾਮਦ ਹੋਇਆ ਹੈ ਅਤੇ ਇਹ ਵੀ ਪੀਲੇ ਰੰਗ ਦੀ ਟੇਪ ਨਾਲ ਲਪੇਟਿਆ ਹੋਇਆ ਸੀ। ਇਸ ਦੇ ਨਾਲ ਹੀ ਇੱਕ ਡਰੋਨ ਵੀ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਰਹੱਦੀ ਪਿੰਡ ਦੇ ਇੱਕ ਵਾਸੀ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ਬੀਐੱਸਐੱਫ ਨੇ ਪਿੰਡ ਰਤਨ ਖੁਰਦ ਤੇ ਇਲਾਕੇ ਵਿੱਚੋਂ ਇੱਕ ਡਰੋਨ ਬਰਾਮਦ ਕੀਤਾ ਹੈ ਜੋ ਡੀਜੀਆਈ ਮੈਵਿਕ ਤਿੰਨ ਕਲਾਸਿਕ ਸ਼੍ਰੇਣੀ ਦਾ ਹੈ।