ਪੁਸਤਕ ‘ਅਕਾਲ ਪੁਰਖ ਕੀ ਫੌਜ’ ਲੋਕ ਅਰਪਣ
ਬੁੱਢਾ ਦਲ ਦੇ 11ਵੇਂ ਜਥੇਦਾਰ ਬਾਬਾ ਸਾਹਿਬ ਸਿੰਘ ਕਲਾਧਾਰੀ ਦੀ 83ਵੀਂ ਬਰਸੀ ਮੌਕੇ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਦੀ ਪੁਸਤਕ ‘ਅਕਾਲ ਪੁਰਖ ਕੀ ਫੌਜ’ ਬੁੱਢਾ ਦਲ ਦੇ 14ਵੇਂ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ ਦੀ ਅਗਵਾਈ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਤੇ ਨੁਮਾਇੰਦਿਆਂ ਨੇ ਗੁਰੂਕਾਸ਼ੀ ਤਲਵੰਡੀ ਸਾਬੋ ਵਿੱਚ ਲੋਕ ਅਰਪਣ ਕੀਤੀ। ਸ੍ਰੀ ਹਰਿਮੰਦਰ ਸਾਹਿਬ ਦੇ ਮੁਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿਲਜੀਤ ਸਿੰਘ ਬੇਦੀ ਦੀਆਂ ਬਤੌਰ ਸਾਹਿਤਕਾਰ ਪੰਥਕ ਸੇਵਾਵਾਂ ਦੀ ਸ਼ਲਾਘਾ ਕੀਤੀ। ਸੰਪਰਦਾਇ ਬਾਬਾ ਬਿਧੀਚੰਦ ਸਾਹਿਬ ਤਰਨਾਦਲ ਸੁਰਸਿੰਘ ਦੇ ਮੁਖੀ ਬਾਬਾ ਅਵਤਾਰ ਸਿੰਘ ਵੱਲੋਂ ਬਾਬਾ ਨਾਹਰ ਸਿੰਘ ਸਾਧ ਅਤੇ ਭਾਈ ਸੁਖਜੀਤ ਸਿੰਘ ਘਨ੍ਹੱਈਆ ਨੇ ਵੀ ਸ੍ਰੀ ਬੇਦੀ ਦੇ ਲਿਖਤੀ ਕਾਰਜਾਂ ਦੀ ਸ਼ਲਾਘਾ ਕੀਤੀ।
ਡਰਾਈਵਰਾਂ ਵੱਲੋਂ ਲੋਹੀਆਂ ਪੁਲੀਸ ਖ਼ਿਲਾਫ਼ ਪ੍ਰਦਰਸ਼ਨ
ਤਰਨ ਤਾਰਨ: ਵਾਹਨ ਚਾਲਕਾਂ ਨੂੰ ਗਿੱਦੜਵਿੰਡੀ (ਲੋਹੀਆਂ ਨੇੜੇ) ਦੇ ਪੁਲ ’ਤੇ ਆਵਾਜਾਈ ਦੌਰਾਨ ਆ ਰਹੀਆਂ ਮੁਸ਼ਕਲਾਂ ਖ਼ਿਲਾਫ਼ ਕੁਝ ਦਿਨ ਪਹਿਲਾਂ ਪੁਲ ’ਤੇ ਸ਼ਾਂਤਮਈ ਧਰਨਾ ਲਗਾਉਣ ਤੇ ਥਾਣਾ ਲੋਹੀਆਂ ਦੀ ਪੁਲੀਸ ਵੱਲੋਂ 150 ਦੇ ਕਰੀਬ ਡਰਾਈਵਰਾਂ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਦੀ ਯੂਨਾਈਟਿਡ ਟਰੇਡ ਯੂਨੀਅਨ ਪੰਜਾਬ ਵੱਲੋਂ ਨਿਖੇਧੀ ਕੀਤੀ ਗਈ ਹੈ| ਇਸ ਸਬੰਧੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਭਿੱਖੀਵਿੰਡ ਦੀ ਅਗਵਾਈ ਵਿੱਚ ਭਿੱਖੀਵਿੰਡ ਵਿੱਚ ਅੱਜ ਦਿਖਾਵਾ ਕੀਤਾ ਗਿਆ| ਦਿਖਾਵਾਕਾਰੀਆਂ ਨੂੰ ਹਰਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਲੋਹੀਆਂ ਦੀ ਪੁਲੀਸ ਵੱਲੋਂ ਦਰਜ ਕੀਤਾ ਕੇਸ ਤੁਰੰਤ ਰੱਦ ਕੀਤੇ ਜਾਣ ਦੀ ਮੰਗ ਕੀਤੀ ਅਤੇ ਇਸ ਸਬੰਧੀ ਡਰਾਈਵਰਾਂ ਨੂੰ ਕਿਸੇ ਕਿਸਮ ਨਾਲ ਪ੍ਰੇਸ਼ਾਨ ਕਰਨ ’ਤੇ ਜਲੰਧਰ ਪੁਲੀਸ ਖ਼ਿਲਾਫ਼ ਧਰਨਾ ਦੇਣ ਦੀ ਚਿਤਾਵਨੀ ਦਿੱਤੀ ਗਈ| -ਪੱਤਰ ਪ੍ਰੇਰਕ
ਤੀਆਂ ਨੂੰ ਸਮਰਪਿਤ ਮੁਕਾਬਲੇ ਕਰਵਾਏ
ਸ੍ਰੀ ਗੋਇੰਦਵਾਲ ਸਾਹਿਬ: ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ ਮੈਂਬਰ ਅਤੇ ਵਿਦਿਆਰਥਣਾਂ ਨੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਵਿਦਿਆਰਥਣਾਂ ਨੇ ਸੱਭਿਆਚਾਰਕ ਪਹਿਰਾਵੇ ਵਿੱਚ ਗਿੱਧਾ, ਲੋਕ ਗੀਤ, ਪੀਘਾਂ ਆਦਿ ਝੂਟ ਕੇ ਤੀਆਂ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਵਿਦਿਆਰਥੀਆਂ ਦੇ ਕੁਇਜ਼, ਮਾਡਲਿੰਗ, ਨੇਲ ਆਰਟ ਅਤੇ ਮਹਿੰਦੀ ਆਦਿ ਦੇ ਮੁਕਾਬਲੇ ਕਰਵਾਏ ਗਏ। ਸਕੂਲ ਪ੍ਰਿੰਸੀਪਲ ਬਲਜੀਤ ਕੌਰ ਔਲਖ ਨੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੇ ਤਿਉਹਾਰ ਰਲ-ਮਿਲ ਕੇ ਮਨਾਉਣੇ ਚਾਹੀਦੇ ਹਨ ਤਾਂ ਜ਼ੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਰੱਖਿਆ ਜਾ ਸਕੇ। ਉਨ੍ਹਾਂ ਨੌਜਵਾਨਾਂ ਵਿੱਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸ਼ਰਨਜੀਤ ਕੌਰ, ਪੂਨਮ ਕੌਰ, ਰਣਜੀਤ ਕੌਰ, ਨੀਲਮ ਕੌਰ, ਕੁਲਜਿੰਦਰ ਕੌਰ, ਬਲਜੀਤ ਕੌਰ, ਮਨਜੀਤ ਕੌਰ, ਰਮਨਦੀਪ ਕੌਰ, ਸੰਦੀਪ ਕੌਰ, ਅਮਨਦੀਪ ਕੌਰ, ਮਨਪ੍ਰੀਤ ਕੌਰ, ਕੁਲਬੀਰ ਕੌਰ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
ਪਰਵਾਸੀ ਪੰਜਾਬੀਆਂ ਨੇ ਸਕੂਲ ’ਚ ਏਸੀ ਲਗਵਾਏ
ਜੰਡਿਆਲਾ ਮੰਜਕੀ: ਪਿੰਡ ਸਰਹਾਲੀ ਦੇ ਸਰਕਾਰੀ ਹਾਈ ਸਮਾਰਟ ਸਕੂਲ ਨੂੰ ਪਰਵਾਸੀ ਪੰਜਾਬੀਆਂ ਵੱਲੋਂ ਪੰਜ ਏਸੀ ਯੂਨਿਟ ਲਗਾ ਕੇ ਕਲਾਸ ਰੂਮ ਏਅਰ ਕੰਡੀਸ਼ਨਡ ਕਰਵਾਏ ਗਏ। ਇਸ ਮੌਕੇ ਹਲਕਾ ਜਲੰਧਰ ਛਾਉਣੀ ਤੋਂ ‘ਆਪ’ ਦੇ ਇੰਚਾਰਜ ਅਤੇ ਇੰਪਰੂਮਮੈਂਟ ਟਰੱਸਟ ਜਲੰਧਰ ਦੀ ਚੇਅਰਮੈਨ ਰਾਜਵਿੰਦਰ ਕੌਰ ਥਿਆੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦਾ ਐਜੂਕੇਸ਼ਨ ਕੋਆਰਡੀਨੇਟਰ ਇੰਦਰਜੀਤ ਸਿੰਘ ਭੱਲਾ, ਸਕੂਲ ਸਟਾਫ, ਪੰਚਾਇਤ ਤੇ ਪਤਵੰਤਿਆਂ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਵੀਂ ਤੋਂ ਦਸਵੀਂ ਕਲਾਸ ਦੇ ਹੋਣਹਾਰ ਵਿਦਿਆਰਥੀ ਸਨਮਾਨੇ ਗਏ। ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਵੀ ਲਗਾਏ ਗਏ। ਇਸ ਮੌਕੇ ਕਾਰਜਕਾਰੀ ਹੈੱਡਮਾਸਟਰ ਨਰਿੰਦਰ ਕੁਮਾਰ, ਦਰਸ਼ਨ ਕੁਮਾਰ ਪਾਲ, ਸਰਪੰਚ ਸਰਹਾਲੀ ਹਰਮੇਸ਼ ਲਾਲ, ਸਰਪੰਚ ਲਖਨਪਾਲ ਕਸ਼ਮੀਰ ਚੰਦ, ਸਰਪੰਚ ਧਨੀ ਪਿੰਡ ਬਲਕਾਰ ਸਿੰਘ ਆਦਿ ਹਾਜ਼ਰ ਹੋਏ। -ਪੱਤਰ ਪ੍ਰੇਰਕ
ਨਸ਼ਾ ਕਰਨ ਦੇ ਦੋਸ਼ ਹੇਠ ਨੌਜਵਾਨ ਕਾਬੂ
ਫਗਵਾੜਾ: ਸਿਟੀ ਪੁਲੀਸ ਨੇ ਨਸ਼ਾ ਕਰਨ ਵਾਲੇ ਨੌਜਵਾਨ ਨੂੰ ਕਾਬੂ ਕਰ ਕੇ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ। ਐੱਸਐੱਚਓ ਸਿਟੀ ਊਸ਼ਾ ਰਾਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇਸ ਨੌਜਵਾਨ ਪਟਵਾਰਖਾਨਾ ਨਜ਼ਦੀਕ ਬੈਠ ਕੇ ਨਸ਼ਾ ਕਰ ਰਿਹਾ ਹੈ। ਇਸ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਅਰਮਾਨ ਪੁੱਤਰ ਸ਼ੀਤਲ ਵਾਸੀ ਟੂਟੋ ਮਜ਼ਾਰਾ ਨੂੰ ਕਾਬੂ ਕਰ ਕੇ ਉਸ ਕੋਲੋਂ ਨਸ਼ਾ ਕਰਨ ਵਾਲਾ ਸਾਮਾਨ ਬਰਾਮਦ ਕੀਤਾ ਹੈ। -ਪੱਤਰ ਪ੍ਰੇਰਕ
ਅੱਜ ਬਿਜਲੀ ਬੰਦ ਰਹੇਗੀ
ਕਪੂਰਥਲਾ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਸੂਚਨਾ ਅਨੁਸਾਰ 132 ਕੇਵੀ ਸਬ-ਸਟੇਸ਼ਨ ਕਪੂਰਥਲਾ ਤੋਂ ਚੱਲਦੇ 11 ਕੇਵੀ ਪੁਰਾਣੀ ਸਬਜ਼ੀ ਮੰਡੀ ਫੀਡਰ ਜ਼ਰੂਰੀ ਮੁਰੰਮਤ ਲਈ ਦੋ ਅਗਸਤ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗਾ। ਇਸ ਨਾਲ ਰੋਜ਼ ਐਵੇਨਿਊ, ਸਰਕੁਲਰ ਰੋਡ, ਔਜਲਾ ਫਾਟਕ, ਸੈਂਟਰਲ ਟਾਊਨ, ਅਸ਼ੋਕ ਵਿਹਾਰ, ਨਕੋਦਰ ਰੋਡ, ਮਹੋਬਤ ਨਗਰ, ਮਸੀਤ ਚੌਕ, ਰੇਲਵੇ ਰੋਡ, ਔਜਲਾ ਰੋਡ ਅਤੇ ਜੱਗੂ ਸ਼ਾਹ ਦਾ ਡੇਰਾ ਆਦਿ ਖੇਤਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। -ਪੱਤਰ ਪ੍ਰੇਰਕ
ਬਾਬਾ ਪੀਂਘ ਝੰਡੂਲਾ ਨੂੰ ਸਮਰਪਿਤ ਮੇਲਾ 4 ਨੂੰ
ਕਾਦੀਆਂ: ਪਿੰਡ ਕਾਹਲਵਾਂ ਵਿੱਚ ਪੀਰ ਬਾਬਾ ਪੀਂਘ ਝੰਡੂਲਾ ਦੀ ਦਰਗਾਹ ’ਤੇ ਸਾਲਾਨਾ ਜੋੜ ਮੇਲਾ ਚਾਰ ਅਗਸਤ ਨੂੰ ਪਿੰਡ ਵਾਸੀਆਂ ਵੱਲੋਂ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਮੇਲਾ ਪ੍ਰਬੰਧਕ ਕਮੇਟੀ ਦੇ ਆਗੂਆਂ ਦੱਸਿਆ ਕਿ ਮੇਲੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਗਾਇਕ ਬਾਗੀ ਅਤੇ ਪ੍ਰਸਿੱਧ ਗਾਇਕ ਜੋੜੀ ਸੁੱਚਾ ਰੰਗੀਲਾ ਤੇ ਮਨਦੀਪ ਮੈਂਡੀ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮੰਨੋਰੰਜਨ ਕਰਨਗੇ। ਮੀਟਿੰਗ ਵਿੱਚ ਸੁਖਵਿੰਦਰ ਸਿੰਘ ਕਾਹਲਵਾਂ, ਸੁੱਚਾ ਸਿੰਘ, ਪ੍ਰਤਾਪ ਸਿੰਘ, ਸੀਤਲ ਸਿੰਘ, ਲਵਪ੍ਰੀਤ ਸਿੰਘ, ਕੇਵਲ ਸਿੰਘ, ਚੈਂਚਲ ਸਿੰਘ, ਸਤਨਾਮ ਸਿੰਘ, ਕਾਬਲ ਸਿੰਘ, ਕੁਲਵੰਤ ਸਿੰਘ ਆਦਿ ਸ਼ਾਮਲ ਸਨ। -ਨਿੱਜੀ ਪੱਤਰ ਪ੍ਰੇਰਕ