ਪੱਤਰ ਪ੍ਰੇਰਕ
ਤਰਨ ਤਾਰਨ, ਜੂਨ 12
ਸਥਾਨਕ ਥਾਣਾ ਸਦਰ ਦੀ ਪੁਲੀਸ ਨੂੰ ਤਰਨ ਤਾਰਨ-ਪੱਟੀ ਸੜਕ ਦੇ ਕੱਚੇ ਰਸਤੇ ਤੋਂ ਅੱਜ ਸਵੇਰ ਵੇਲੇ ਇਕ ਨੌਜਵਾਲ ਵਿਅਕਤੀ ਦੀ ਲਾਸ਼ ਮਿਲੀ, ਜਿਸ ਦੀ ਪਛਾਣ ਲਵਜੀਤ ਸਿੰਘ (28) ਵਾਸੀ ਬਲੇਰ (ਭਿੱਖੀਵਿੰਡ) ਦੇ ਤੌਰ ’ਤੇ ਕੀਤੀ ਗਈ। ਲਵਜੀਤ ਸਿੰਘ ਦੇ ਜੀਜਾ ਗੁਰਬੀਰ ਸਿੰਘ ਨੇ ਲਵਜੀਤ ਸਿੰਘ ਦੀ ਹੱਤਿਆ ਦਾ ਸ਼ੱਕ ਜ਼ਾਹਰ ਕਰਦਿਆਂ ਕਿਹਾ ਕਿ ਪਰਿਵਾਰ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਵਾਏ ਜਾਣ ਦੀ ਮੰਗ ਕਰਦਾ ਹੈ। ਥਾਣਾ ਸਦਰ ਦੇ ਏਐੱਸਆਈ ਰਾਜਪਾਲ ਸਿੰਘ ਨੇ ਕਿਹਾ ਕਿ ਇਸ ਸਬੰਧੀ ਬੀਐੱਨਐੱਸਐੱਸ ਦੀ ਦਫ਼ਾ 194 ਅਧੀਨ ਇਕ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਤਫਤੀਸ਼ ਜਾਰੀ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਜੀਜਾ ਗੁਰਬੀਰ ਸਿੰਘ ਨੇ ਦੱਸਿਆ ਕਿ ਲਵਜੀਤ ਸਿੰਘ ਹਾਲੇ ਵਿਆਹਿਆ ਨਹੀਂ ਸੀ, ਉਹ ਭਿੱਖੀਵਿੰਡ ਵਿੱਚ ਕੈਮਿਸਟ ਦੀ ਦੁਕਾਨ ਕਰਦਾ ਸੀ। ਬੀਤੇ ਦਿਨ ਉਹ ਘਰੋਂ ਤਰਨ ਤਾਰਨ ਨੂੰ ਆਇਆ ਅਤੇ ਉਸ ਦਾ ਬੀਤੀ ਸ਼ਾਮ ਮੋਬਾਈਲ ਬੰਦ ਹੋ ਗਿਆ, ਜਿਸ ਦੀ ਅਖੀਰਲੀ ਲੋਕੇਸ਼ਨ ਤਰਨ ਤਾਰਨ ਨੇੜੇ ਰਸੂਲਪੁਰ ਨਹਿਰਾਂ ਨੇੜੇ ਦੀ ਆਈ, ਜਿਸ ਦੇ ਅਧਾਰ ’ਤੇ ਉਨ੍ਹਾਂ ਅੱਜ ਸਵੇਰ ਵੇਲੇ ਪੁਲੀਸ ਨੂੰ ਨਾਲ ਲੈ ਕੇ ਭਾਲ ਕੀਤੀ ਤਾਂ ਉਸ ਦੀ ਲਾਸ਼ ਕੱਚੇ ਰਸਤੇ ਤੋਂ ਮਿਲੀ। ਗੁਰਬੀਰ ਸਿੰਘ ਨੇ ਦੱਸਿਆ ਕਿ ਲਵਜੀਤ ਸਿੰਘ ਦੀ ਲਾਸ਼ ਨੇੜੇ ਖੂਨ ਦੀ ਇਕ ਬੂੰਦ ਤੱਕ ਵੀ ਨਹੀਂ ਕਿ ਜਿਸ ਤੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਉਸ ਦੀ ਹੱਤਿਆ ਕਰਨ ਉਪਰੰਤ ਲਾਸ਼ ਇੱਥੇ ਸੁੱਟ ਦਿੱਤੀ ਗਈ ਸੀ।