ਚਾਰ ਦਿਨ ਪਹਿਲਾਂ ਪਿੰਡ ਸਿੰਘੋਵਾਲ ਤੋਂ ਬਰਸਾਤੀ ਕਿਰਨ ਨਾਲੇ ਵਿੱਚ ਡੁੱਬਣ ਵਾਲੇ ਦੂਸਰੇ ਵਿਅਕਤੀ ਪਿੰਡ ਚੱਗੂਵਾਲ ਦੇ ਰਹਿਣ ਵਾਲੇ ਪੱਪੂ ਮਸੀਹ ਦੀ ਲਾਸ਼ ਆਖ਼ਿਰ ਚੌਥੇ ਦਿਨ ਮਿਲ ਹੀ ਗਈ। ਦੱਸਣਯੋਗ ਹੈ ਕਿ ਚਾਰ ਦਿਨ ਪਹਿਲਾਂ ਪੱਪੂ ਮਸੀਹ ਨਾਮ ਦਾ ਵਿਅਕਤੀ ਪੈਰ ਤਿਲ੍ਹਕਣ ਕਾਰਨ ਨਾਲੇ ਵਿੱਚ ਡਿੱਗ ਗਿਆ ਸੀ ਅਤੇ ਉਸ ਨੂੰ ਬਚਾਉਣ ਲਈ ਨਾਲੇ ਵਿੱਚ ਛਾਲ ਲਗਾਉਣ ਵਾਲੇ ਪਿੰਡ ਮੁਕੰਦਪੁਰ ਦੇ ਗੁਰਜੀਤ ਸਿੰਘ ਦਾ ਵੀ ਕੋਈ ਅਤਾ ਪਤਾ ਨਹੀਂ ਲੱਗ ਰਿਹਾ ਸੀ। ਗੁਰਜੀਤ ਸਿੰਘ ਦੀ ਲਾਸ਼ ਘਟਨਾ ਤੋਂ ਅਗਲੇ ਦਿਨ ਹੀ ਮਿਲ ਗਈ ਸੀ ਪਰ ਹੁਣ ਜਲੰਧਰ ਤੋਂ ਡੀਆਰਐੱਫ ਦੀ ਟੀਮ ਵੱਲੋਂ ਲਗਾਤਾਰ ਜੱਦੋ ਜਹਿਦ ਕਰ ਕੇ ਪੱਪੂ ਮਸੀਹ ਦੀ ਲਾਸ਼ ਲੱਭੀ ਗਈ। ਪਿੰਡ ਵਾਲਿਆਂ ਉਸ ਦੇ ਪਰਿਵਾਰ ਲਈ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ ਕਿਉਂਕਿ ਮ੍ਰਿਤਕ ਦੇ ਚਾਰ ਛੋਟੇ ਬੱਚੇ ਹਨ।