ਲੁਟੇਰਿਆਂ ਨਾਲ ਹੱਥੋਪਾਈ ਦੌਰਾਨ ਨਹਿਰ ’ਚ ਡਿੱਗੀ ਵਿਆਹੁਤਾ ਦੀ ਲਾਸ਼ ਮਿਲੀ
ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 1 ਅਪਰੈਲ
ਇੱਥੋਂ ਲੰਘਦੀ ਅਪਰਬਾਰੀ ਦੁਆਬ ਨਹਿਰ ’ਚੋਂ ਤੈਰਦੀ ਹੋਈ ਔਰਤ ਦੀ ਲਾਸ਼ ਮਿਲੀ ਹੈ। ਮ੍ਰਿਤਕਾ ਦੀ ਪਛਾਣ ਅਮਨਪ੍ਰੀਤ ਕੌਰ (22) ਪਤਨੀ ਆਕਾਸ਼ਦੀਪ ਸਿੰਘ ਵਾਸੀ ਬਿਧੀਪੁਰ (ਨੇੜੇ ਧਾਰੀਵਾਲ) ਥਾਣਾ ਸੇਖਵਾਂ ਵਜੋਂ ਹੋਈ। ਮ੍ਰਿਤਕਾ ਦੀ ਪਛਾਣਾ ਉਸ ਦੀ ਮਾਤਾ ਲਖਵਿੰਦਰ ਕੌਰ ਤੇ ਭਰਾ ਰਮਨਪ੍ਰੀਤ ਸਿੰਘ ਨੇ ਕੀਤੀ। ਜ਼ਿਕਰਯੋਗ ਹੈ ਕਿ ਮ੍ਰਿਤਕਾ ਦੀ ਸੱਸ ਰੁਪਿੰਦਰ ਕੌਰ ਪਤਨੀ ਰਾਜਵਿੰਦਰ ਸਿੰਘ ਵਾਸੀ ਬਿਧੀਪੁਰ ਵਲੋਂ ਥਾਣਾ ਤਿੱਬੜ ਦੀ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ 28 ਮਾਰਚ ਨੂੰ ਦੁਪਹਿਰ ਸਮੇਂ ਦੋ ਲੁਟੇਰਿਆਂ ਵਲੋਂ ਨਹਿਰ ਦੇ ਪੁਲ ਬੱਬੇਹਾਲੀ ਨੇੜੇ ਸਕੂਟਰੀ ਸਵਾਰ ਉਹ (ਰੁਪਿੰਦਰ ਕੌਰ) ਤੇ ਉਸ ਦੀ ਨੂੰਹ ਅਮਨਪ੍ਰੀਤ ਕੌਰ ਦੀ ਲੁੱਟ-ਖੋਹ ਕਰਨ ਸਮੇਂ ਹੱਥੋਪਾਈ ਦੌਰਾਨ ਉਸ ਦੀ ਨੂੰਹ ਨਹਿਰ ਵਿੱਚ ਡਿੱਗ ਜਾਣ ਨਾਲ ਡੁੱਬੀ ਗਈ ਸੀ। ਥਾਣਾ ਤਿੱਬੜ ਦੇ ਮੁਖੀ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਪੁਲੀਸ ਪਾਰਟੀ ਸਣੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਹੈ। ਥਾਣਾ ਮੁਖੀ ਨੇ ਦੱਸਿਆ ਉੱਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਲੜਕੀ ਦੇ ਪੇਕਾ ਪਰਿਵਾਰ ਨੇ ਦੋਸ਼ ਲਗਾਏ ਹਨ ਕਿ ਉਨ੍ਹਾਂ ਦੀ ਲੜਕੀ ਦੀ ਹੱਤਿਆ ਕਰਨ ਲਈ ਉਸ ਦੇ ਸਹੁਰਾ ਪਰਿਵਾਰ ਨੇ ਹੀ ਸਾਜ਼ਿਸ਼ ਤਹਿਤ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਸੂਤਰਾਂ ਅਨੁਸਾਰ ਮਾਮਲੇ ਸਬੰਧੀ ਸ਼ੱਕ ਦੇ ਆਧਾਰ ’ਤੇ ਮ੍ਰਿਤਕਾ ਦੀ ਸੱਸ, ਪਤੀ ਅਤੇ ਇਕ ਹੋਰ ਵਿਅਕਤੀ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ।