ਮਾਧੋਪੁਰ ਹੈਡਵਰਕਸ ’ਤੇ ਗੇਟ ਟੁੱਟਣ ਸਮੇਂ ਡੁੱਬ ਗਏ ਮੁਲਾਜ਼ਮ ਦੀ ਮਿਲੀ ਲਾਸ਼
ਮਾਧੋਪੁਰ ਹੈਡਵਰਕਸ ਤੇ ਲੰਘੇ ਬੁੱਧਵਾਰ ਨੂੰ ਫਲੱਡ ਗੇਟਾਂ ’ਤੇ ਕੰਮ ਕਰਦੇ ਹੋਏ ਇਲੈਕਟਰੀਕਲ ਚਾਰਜਮੈਨ ਗੇਟ ਟੁੱਟਣ ਨਾਲ ਪਾਣੀ ਦੇ ਵਹਾਅ ਵਿੱਚ ਰੁੜ੍ਹ ਗਿਆ ਸੀ। ਜਿਸ ਦੀ ਲਾਸ਼ ਪਾਣੀ ਘੱਟ ਹੋਣ ਬਾਅਦ ਅੱਜ ਉਸੇ ਸਥਾਨ ਤੋਂ ਗੇਟ ਦੇ ਮਲਬੇ ਵਿੱਚ ਫਸੀ ਹੋਈ ਮਿਲ ਗਈ। ਅੱਜ ਜਿਉਂ ਹੀ ਪਾਣੀ ਦਾ ਪੱਧਰ ਰਾਵੀ ਦਰਿਆ ਵਿੱਚ ਘੱਟ ਹੋਇਆ ਤਾਂ ਐਨਡੀਆਰਐਫ ਦੀ ਟੀਮ ਨੇ ਲਾਸ਼ ਲੱਭਣ ਲਈ ਤਲਾਸ਼ੀ ਮੁਹਿੰਮ ਚਲਾਈ ਅਤੇ ਟੀਮ ਨੂੰ ਸ਼ਾਮ ਵੇਲੇ ਲਾਸ਼ ਲੱਭਣ ਵਿੱਚ ਕਾਮਯਾਬੀ ਮਿਲ ਗਈ।
ਆਲੇ-ਦੁਆਲੇ ਸਾਰੇ ਰਾਵੀ ਦਰਿਆ ਵਿੱਚ ਪਾਣੀ ਜ਼ਿਆਦਾ ਹੋਣ ਕਰਕੇ ਲਾਸ਼ ਨੂੰ ਏਅਰਫੋਰਸ ਦਾ ਹੈਲੀਕਾਪਟਰ ਮੰਗਵਾ ਕੇ ਸ਼ਾਮ ਨੂੰ ਲਾਸ਼ ਬਾਹਰ ਕੱਢੀ ਗਈ ਅਤੇ ਲਾਸ਼ ਨੂੰ ਸਿਵਲ ਹਸਪਤਾਲ ਪਠਾਨਕੋਟ ਦੇ ਮੁਰਦਾਘਰ ਵਿੱਚ ਪਹੁੰਚਾਇਆ ਗਿਆ, ਜਿੱਥੇ ਭਲਕੇ ਲਾਸ਼ ਦਾ ਪੋਸਟ ਮਾਰਟਮ ਕੀਤਾ ਜਾਵੇਗਾ।
ਅੱਜ ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਵਫਦ ਨੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਤੇ ਰਾਜਿੰਦਰ ਧੀਮਾਨ ਦੀ ਅਗਵਾਈ ਵਿੱਚ ਮਾਧੋਪੁਰ ਹੈਡ ਵਰਕਸ ਤੇ ਸੁਪਰਡੈਂਟ ਇੰਜੀਨੀਅਰ (ਐਸਈ) ਗੁਰਪਿੰਦਰ ਸਿੰਘ ਸੰਧੂ, ਕਾਰਜਕਾਰੀ ਇੰਜੀਨੀਅਰ ਪ੍ਰਦੀਪ ਕੁਮਾਰ ਤੇ ਐਸਡੀਓ ਅਰੁਣ ਕੁਮਾਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਵਫਦ ਮੈਂਬਰਾਂ ਨੇ ਮੰਗ ਕੀਤੀ ਕਿ ਵਿਨੋਦ ਕੁਮਾਰ ਇਲੈਕਟਰੀਕਲ ਚਾਰਜਮੈਨ ਹੜ੍ਹ ਦੀ ਆਫਤ ਦੇ ਕੰਮਾਂ ਵਿੱਚ ਐਮਰਜੈਂਸੀ ਡਿਊਟੀ ਕਰ ਰਿਹਾ ਸੀ। ਡਿਊਟੀ ਕਰਦੇ ਸਮੇਂ ਫਲੱਡ ਗੇਟ ਟੁੱਟਣ ਤੇ ਉਸ ਦੀ ਮੌਤ ਹੋਈ ਹੈ।
ਇਸ ਲਈ ਪੰਜਾਬ ਸਰਕਾਰ ਅਤੇ ਵਿਭਾਗ ਵਿਨੋਦ ਕੁਮਾਰ ਦੇ ਪਰਿਵਾਰ ਨੂੰ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਇੱਕ ਕਰੋੜ ਦਾ ਮੁਆਵਜ਼ਾ ਰਾਸ਼ੀ ਪ੍ਰਦਾਨ ਕਰੇ। ਇਸ ਦੇ ਨਾਲ ਹੀ ਮ੍ਰਿਤਕ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਇਸ ਮੌਕੇ ਸੁਪਰਡੈਂਟ ਇੰਜੀਨੀਅਰ ਗੁਰਪਿੰਦਰ ਸਿੰਘ ਸੰਧੂ ਨੇ ਕਿਹਾ ਕਿ ਵਿਭਾਗ ਅਤੇ ਸਰਕਾਰ ਪੀੜਤ ਮੁਲਾਜ਼ਮ ਦੇ ਪਰਿਵਾਰ ਨਾਲ ਹੈ ਅਤੇ ਨਿਯਮਾਂ ਦੇ ਅਨੁਸਾਰ ਪਰਿਵਾਰ ਨੂੰ ਨੌਕਰੀ ਤੇ ਬਣਦੀ ਸਹਾਇਤਾ ਰਾਸ਼ੀ ਪਰਿਵਾਰ ਨੂੰ ਦਿੱਤੀ ਜਾਵੇਗੀ।