ਦਰਿਆ ਵਿੱਚ ਡੁੱਬੇ ਲੜਕੇ ਦੀ ਲਾਸ਼ ਚੌਥੇ ਦਿਨ ਲੱਭੀ
ਪੱਤਰ ਪ੍ਰੇਰਕਪਠਾਨਕੋਟ, 3 ਜੁਲਾਈ
ਮੁਕਤੇਸ਼ਵਰ ਮੰਦਰ ’ਚ ਰਾਵੀ ਦਰਿਆ ’ਚ ਨਹਾਉਂਦੇ ਸਮੇਂ ਡੁੱਬ ਗਏ ਪਠਾਨਕੋਟ ਦੇ 15 ਸਾਲਾ ਲੜਕੇ ਸੂਰਿਆਂਸ਼ ਦੀ ਲਾਸ਼ ਨੂੰ ਅੱਜ ਚੌਥੇ ਦਿਨ ਐੱਸਡੀਆਰਐੱਫ ਦੀ ਟੀਮ ਨੇ ਕਾਫ਼ੀ ਮੁਸ਼ੱਕਤ ਬਾਅਦ ਦੁਪਹਿਰ ਵੇਲੇ ਰਾਵੀ ਦਰਿਆ ਵਿੱਚੋਂ ਬਾਹਰ ਕੱਢ ਲਿਆਂਦਾ। ਥਾਣਾ ਸ਼ਾਹਪੁਰਕੰਢੀ ਦੀ ਮੁਖੀ ਸਬ ਇੰਸਪੈਕਟਰ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ। ਇਸ ਮੌਕੇ ਐੱਸਐੱਚਓ ਸ਼ਾਹਪੁਰਕੰਢੀ ਸਬ ਇੰਸਪੈਕਟਰ ਅਮਨਪ੍ਰੀਤ ਕੌਰ, ਸਬ-ਇੰਸਪੈਕਟਰ ਭੂਮਿਕਾ ਠਾਕੁਰ, ਤਹਿਸੀਲਦਾਰ ਮੁਨੀਸ਼ ਸ਼ਰਮਾ, ਪਟਵਾਰੀ ਯਸ਼ਪਾਲ ਅਤੇ ਹੋਰ ਪੁਲੀਸ ਪਾਰਟੀ ਨੇ ਮੌਕੇ ’ਤੇ ਪੁੱਜ ਕੇ ਐੱਸਡੀਆਰਐੱਫ ਦੀ ਟੀਮ ਦਾ ਪੂਰਾ ਸਹਿਯੋਗ ਕੀਤਾ।
ਐਸਡੀਆਰਐਮ ਟੀਮ ਦੇ ਸਬ-ਇੰਸਪੈਕਟਰ ਦੀਪਕ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਰਣਨੀਤੀ ਤਹਿਤ ਡੂੰਘੇ ਸਥਾਨਾਂ ਦੀ ਤਲਾਸ਼ ਸ਼ੁਰੂ ਕੀਤੀ। ਉਨ੍ਹਾਂ ਨੇ ਇਸ ਗੱਲ ਦੀ ਚਿੰਤਾ ਜਤਾਈ ਕਿ ਲਾਸ਼ ਕਿਸੇ ਚੱਟਾਨ ਜਾਂ ਡੂੰਘਾਈ ਵਿੱਚ ਫਸ ਗਈ ਹੈ। ਉਨ੍ਹਾਂ ਵੱਲੋਂ ਅੱਜ ਸਵੇਰੇ ਆਧੁਨਿਕ ਤਕਨੀਕ ਅਧਾਰਿਤ ਯੰਤਰਾਂ ਦੀ ਮਦਦ ਨਾਲ ਡੂੰਘੇ ਸਥਾਨਾਂ ’ਤੇ ਸਰਚ ਕਰਨ ਕੀਤੀ ਗਈ। ਅੱਜ ਦੁਪਹਿਰ ਵੇਲੇ ਕੜੀ ਮੁਸ਼ੱਕਤ ਬਾਅਦ ਬਾਬਾ ਮੁਕਤੇਸ਼ਵਰ ਕੋਲ ਇੱਕ ਚੱਟਾਨ ਕੋਲ ਹੀ ਲਾਸ਼ ਮਿਲ ਗਈ ਜਿਸ ਨੂੰ ਟੀਮ ਦੀ ਮੱਦਦ ਨਾਲ ਬਾਹਰ ਕੱਢ ਕੇ ਉਨ੍ਹਾਂ ਪੁਲੀਸ ਹਵਾਲੇ ਕਰ ਦਿੱਤਾ। ਉਨ੍ਹਾਂ ਦੀ ਟੀਮ ਵਿੱਚ ਏਐੱਸਆਈ ਬਲਵੰਤ ਸਿੰਘ, ਹੈਡਕਾਂਸਟੇਬਲ ਸੁਖਵਿੰਦਰ ਸਿੰਘ ਅਤੇ ਹੈੱਡ ਕਾਂਸਟੇਬਲ ਬਲਰਾਜ ਸਿੰਘ ਆਦਿ ਸ਼ਾਮਲ ਸਨ।