ਭਾਜਪਾ ਨੇ ਕੂੜੇ ਦੇ ਢੇਰ ’ਤੇ ਲਾਇਆ ਸੈਲਫੀ ਪੁਆਇੰਟ ਦਾ ਬੋਰਡ
ਅੰਮ੍ਰਿਤਸਰ ਵਿੱਚ ਸਫਾਈ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਭਾਜਪਾ ਅੰਮ੍ਰਿਤਸਰ ਸਪੋਰਟਸ ਸੈੱਲ ਦੇ ਸਾਬਕਾ ਪ੍ਰਧਾਨ ਮਨਰਾਜ ਸਿੰਘ ਛੀਨਾ ਨੇ ਅੱਜ ਵਿਧਾਇਕ ਜੀਵਨ ਜੋਤ ਕੌਰ ਦੇ ਦਫ਼ਤਰ ਨੇੜੇ ਲੱਗੇ ਕੂੜੇ ਦੇ ਢੇਰ ’ਤੇ ਸੈਲਫੀ ਪੁਆਇੰਟ ਦਾ ਬੋਰਡ ਲਾ ਕੇ ਨਿਵੇਕਲੇ ਢੰਗ ਨਾਲ...
ਅੰਮ੍ਰਿਤਸਰ ਵਿੱਚ ਸਫਾਈ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਭਾਜਪਾ ਅੰਮ੍ਰਿਤਸਰ ਸਪੋਰਟਸ ਸੈੱਲ ਦੇ ਸਾਬਕਾ ਪ੍ਰਧਾਨ ਮਨਰਾਜ ਸਿੰਘ ਛੀਨਾ ਨੇ ਅੱਜ ਵਿਧਾਇਕ ਜੀਵਨ ਜੋਤ ਕੌਰ ਦੇ ਦਫ਼ਤਰ ਨੇੜੇ ਲੱਗੇ ਕੂੜੇ ਦੇ ਢੇਰ ’ਤੇ ਸੈਲਫੀ ਪੁਆਇੰਟ ਦਾ ਬੋਰਡ ਲਾ ਕੇ ਨਿਵੇਕਲੇ ਢੰਗ ਨਾਲ ਰੋਸ ਵਿਖਾਵਾ ਕੀਤਾ। ਇਸ ਦੌਰਾਨ ਪ੍ਰਸ਼ਾਸਨ ਦੀ ਤਿੱਖੀ ਆਲੋਚਨਾ ਕਰਦੇ ਹੋਏ ਭਾਜਪਾ ਵਰਕਰਾਂ ਨੇ ਕੂੜੇ ਦੇ ਢੇਰਾਂ ’ਤੇ ‘ਸੈਲਫੀ ਪੁਆਇੰਟ’ ਬੋਰਡ ਅਤੇ ਨਾਮ ਪਲੇਟ ਲਗਾਏ ਜਿਸ ਨਾਲ ਲੋਕਾਂ ਦਾ ਧਿਆਨ ਸਰਕਾਰ ਦੀ ਲਾਪ੍ਰਵਾਹੀ ਵੱਲ ਖਿੱਚਣ ਦਾ ਯਤਨ ਕੀਤਾ ਗਿਆ।
ਮੀਡੀਆ ਨਾਲ ਗੱਲ ਕਰਦੇ ਹੋਏ ਭਾਜਪਾ ਆਗੂ ਛੀਨਾ ਨੇ ਕਿਹਾ ਕਿ ਜੇਕਰ ਵਿਧਾਇਕ ਆਪਣੇ ਦਫ਼ਤਰ ਦੇ ਬਾਹਰ ਕੂੜਾ ਨਹੀਂ ਸਾਫ਼ ਕਰਾ ਸਕਦੇ ਤਾਂ ਉਨ੍ਹਾਂ ਤੋਂ ਪੂਰੇ ਸ਼ਹਿਰ ਅਤੇ ਆਪਣੇ ਹਲਕੇ ਦੀ ਸਫਾਈ ਅਤੇ ਵਿਕਾਸ ਦੀ ਦੇਖਭਾਲ ਕਿਵੇਂ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ। ਇਹ ਸਰਕਾਰ ਦੀ ਅਸਫਲਤਾ ਦੀ ਸਪੱਸ਼ਟ ਮਿਸਾਲ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਨੂੰ ‘ਪਵਿੱਤਰ ਸ਼ਹਿਰ’ ਦਾ ਦਰਜਾ ਦੇਣ ਦੀ ਗੱਲ ਕੀਤੀ ਸੀ ਪਰ ਪਵਿੱਤਰ ਸ਼ਹਿਰ ਦੀ ਸਥਿਤੀ ਸਪਸ਼ਟ ਦਿਖਾਈ ਦੇ ਰਹੀ ਹੈ। ਬਿਆਨਬਾਜ਼ੀ ਅਤੇ ਹਕੀਕਤ ਵਿਚਾਲੇ ਵੱਡਾ ਫਰਕ ਹੈ। ਇੱਥੇ ਜ਼ਮੀਨੀ ਹਕੀਕਤ ਬਿਲਕੁਲ ਉਲਟ ਹੈ ਅਤੇ ਸ਼ਹਿਰ ਭਰ ਵਿੱਚ ਕੂੜੇ ਦੇ ਢੇਰ ਦੇਖੇ ਜਾ ਸਕਦੇ ਹਨ। ਨਗਰ ਨਿਗਮ ਸ਼ਹਿਰ ਵਿੱਚੋਂ ਕੂੜਾ ਇਕੱਠਾ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੂਰਬੀ ਹਲਕੇ ਵਿੱਚ ਕੂੜੇ ਦੇ ਮੁੱਦੇ ਨੂੰ ਜਲਦੀ ਹੱਲ ਨਹੀਂ ਕੀਤਾ ਗਿਆ ਤਾਂ ਭਾਜਪਾ ਵਰਕਰ ਕਈ ਥਾਵਾਂ ’ਤੇ ਇਸੇ ਤਰ੍ਹਾਂ ਦੇ ‘ਸੈਲਫੀ ਪੁਆਇੰਟ’ ਦੇ ਬੋਰਡ ਲਗਾਉਣਗੇ।

