ਭੋਆ ਕਤਲ ਮਾਮਲਾ: ਲਾਸ਼ ਸੜਕ ਵਿਚਾਲੇ ਰੱਖ ਕੇ ਅੱਠ ਘੰਟੇ ਧਰਨਾ ਦਿੱਤਾ
ਐੱਨਪੀ ਧਵਨ
ਪਠਾਨਕੋਟ, 12 ਜੁਲਾਈ
ਲੰਘੇ ਕੱਲ੍ਹ ਭੋਆ ਪਿੰਡ ਅੰਦਰ ਜ਼ਮੀਨੀ ਵਿਵਾਦ ਨੂੰ ਲੈ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਗਏ ਚਚੇਰੇ ਭਰਾ ਸੂਰਜ ਕੁਮਾਰ ਤੇ ਜ਼ਖਮੀ ਹੋਏ ਦੂਸਰੇ ਭਰਾ ਰਾਕੇਸ਼ ਕੁਮਾਰ ਦੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਦਾ ਚੁੱਲ੍ਹਾ ਚਲਾਉਣ ਲਈ ਪ੍ਰਬੰਧ ਕਰਨ ਦੀ ਮੰਗ ਨੂੰ ਲੈ ਕੇ ਅੱਜ ਪਰਿਵਾਰਕ ਮੈਂਬਰਾਂ ਨੇ ਸੁੰਦਰਚੱਕ-ਭੋਆ, ਕੋਟਲੀ ਮੁੱਖ ਸੜਕ ਨੂੰ ਜਾਮ ਕਰ ਦਿੱਤਾ ਅਤੇ ਲਾਸ਼ ਨੂੰ ਸੜਕ ਵਿਚਕਾਰ ਰੱਖ ਕੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਧਰਨਾ ਦੇਣ ਵਾਲਿਆਂ ਵਿੱਚ ਮਾਂ ਰੇਖਾ ਦੇਵੀ, ਮੀਨੂੰ ਬਾਲਾ, ਪੂਜਾ, ਰਾਜ ਕੁਮਾਰ, ਨੀਲਮ ਸ਼ਰਮਾ, ਗਗਨਦੀਪ ਵਿਸ਼ਾਲ ਸ਼ਰਮਾ, ਵਿੱਕੀ ਕੁਮਾਰ, ਰਿੱਕੀ ਕੁਮਾਰ, ਨਰਿੰਦਰ ਕੁਮਾਰ, ਗੁਲਸ਼ਨ ਕੁਮਾਰ, ਕ੍ਰਿਸ਼ਨ ਗੋਪਾਲ, ਸੁਨੀਲ ਕੁਮਾਰ, ਚੇਤਨ ਚੌਧਰੀ ਆਦਿ ਸ਼ਾਮਲ ਸਨ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਮ੍ਰਿਤਕ ਸੂਰਜ ਕੁਮਾਰ, ਜੋ ਕਿ ਜਲੰਧਰ ਵਿੱਚ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ ਅਤੇ ਉਸ ਦਾ ਵੱਡਾ ਭਰਾ ਰਾਕੇਸ਼ ਕੁਮਾਰ, ਦਿਹਾੜੀਆਂ ਲਗਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਸੀ। ਜਦ ਕਿ ਘਰ ਵਿੱਚ ਮਾਂ ਅਤੇ ਦੋਹਾਂ ਭਰਾਵਾਂ ਦੀਆਂ 2 ਬੱਚੀਆਂ ਰਹਿ ਗਈਆਂ ਹਨ। ਰਾਕੇਸ਼ ਕੁਮਾਰ ਵੀ ਇਸ ਵੇਲੇ ਗੰਭੀਰ ਜ਼ਖਮੀ ਹੋਣ ਕਾਰਨ ਹਸਪਤਾਲ ਵਿੱਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਹੈ। ਅਜਿਹੀ ਹਾਲਤ ਵਿੱਚ ਪਰਿਵਾਰ ਦਾ ਤਾਂ ਚੁੱਲ੍ਹਾ ਹੀ ਠੰਢਾ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪਰਿਵਾਰ ਨੂੰ ਰੋਟੀ ਚਲਾਉਣ ਲਈ ਹਰ ਮਹੀਨੇ ਖਰਚਾ ਲਗਾਇਆ ਜਾਵੇ, ਗੰਭੀਰ ਜ਼ਖਮੀ ਰਾਕੇਸ਼ ਕੁਮਾਰ ਦਾ ਇਲਾਜ ਮੁਫਤ ਕਰਵਾਇਆ ਜਾਵੇ ਅਤੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਵੇ।
ਇਹ ਧਰਨਾ 8 ਘੰਟੇ ਚੱਲਿਆ ਅਤੇ ਅਖੀਰੀ ਪ੍ਰਸ਼ਾਸਨ, ਪੰਚਾਇਤ ਅਤੇ ਪਰਿਵਾਰਕ ਮੈਂਬਰਾਂ ਦਰਮਿਆਨ ਇਸ ਗੱਲ ਉਪਰ ਸਹਿਮਤੀ ਬਣੀ ਕਿ ਪਰਿਵਾਰ ਨੂੰ ਖਰਚਾ ਪੰਚਾਇਤ ਦਿਆ ਕਰੇਗੀ ਅਤੇ ਪੰਚਾਇਤ ਹੀ ਜ਼ਖਮੀ ਦਾ ਇਲਾਜ ਕਰਵਾਏਗੀ। ਡੀਐੱਸਪੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਰ ਇੱਕ ਲੜਕੇ ਅਤੇ ਉਸ ਦੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਮਝੌਤੇ ਬਾਅਦ ਸ਼ਾਮ ਨੂੰ ਧਰਨਾ ਸਮਾਪਤ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਸੂਰਜ ਅਤੇ ਉਸ ਦੇ ਭਰਾ ਰਾਕੇਸ਼ ਉਪਰ ਉਸ ਵੇਲੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਜਦ ਸੂਰਜ ਅਤੇ ਉਸ ਦਾ ਭਰਾ ਵਿਵਾਦਤ ਜ਼ਮੀਨ ਨੂੰ ਵਾਹੁਣ ਲੱਗੇ ਸੀ।