ਗਬਨ ਦੇ ਦੋਸ਼ ਹੇਠ ਬੀਡੀਪੀਓ ਤੇ ਸਾਬਕਾ ਸਰਪੰਚ ਗ੍ਰਿਫ਼ਤਾਰ
ਪੰਜਾਬ ਵਿਜੀਲੈਂਸ ਬਿਊਰੋ ਨੇ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਦੇ ਤਤਕਾਲੀ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ.) ਲਖਬੀਰ ਸਿੰਘ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੀ ਗ੍ਰਾਮ ਪੰਚਾਇਤ ਗਹਿਰੀ ਮੰਡੀ ਦੇ ਸਾਬਕਾ ਸਰਪੰਚ ਮਨਜਿੰਦਰ ਸਿੰਘ ਨੂੰ 24,69,949 ਰੁਪਏ ਦੇ ਪੰਚਾਇਤੀ ਫੰਡਾਂ ਦੇ ਕਥਿਤ ਗਬਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਲਖਬੀਰ ਸਿੰਘ ਮੌਜੂਦਾ ਸਮੇਂ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਘੱਲ ਖੁਰਦ ਵਿਖੇ ਤਾਇਨਾਤ ਹੈ। ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕੇਸ ਪਿੰਡ ਗਹਿਰੀ ਮੰਡੀ ਦੇ ਇੱਕ ਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਇਸ ਉਪਰੰਤ ਵਿਜੀਲੈਂਸ ਬਿਊਰੋ ਦੀ ਇੱਕ ਤਕਨੀਕੀ ਟੀਮ ਨੇ ਸਾਲ 2013 ਤੋਂ 2017 ਤੱਕ ਉਕਤ ਗ੍ਰਾਮ ਪੰਚਾਇਤ ਨੂੰ ਪ੍ਰਾਪਤ ਵਿਕਾਸ ਫੰਡਾਂ ਵਿੱਚ ਕਥਿਤ ਹੇਰਾਫੇਰੀ ਸਬੰਧੀ ਜਾਂਚ ਕੀਤੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਸਮੇਂ ਦੌਰਾਨ, ਇਸ ਗ੍ਰਾਮ ਪੰਚਾਇਤ ਨੂੰ ਕੁੱਲ 49,21,658 ਰੁਪਏ ਦੇ ਫੰਡ ਪ੍ਰਾਪਤ ਹੋਏ ਤੇ ਇਨ੍ਹਾਂ ਵਿੱਚੋਂ ਸਿਰਫ 17,37,900 ਰੁਪਏ ਖਰਚ ਕੀਤੇ ਗਏ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸਰਪੰਚ ਨੇ ਤਤਕਾਲੀ ਗ੍ਰਾਮ ਪੰਚਾਇਤ ਸਕੱਤਰ ਕਰਨਜੀਤ ਸਿੰਘ ਤੇ ਉਕਤ ਬੀਡੀਪੀਓ ਦੀ ਮਿਲੀਭੁਗਤ ਨਾਲ ਅਤੇ ਸਾਜ਼ਿਸ਼ ਤਹਿਤ ਫੰਡਾਂ ਦਾ ਗਬਨ ਕੀਤਾ। ਉਨ੍ਹਾਂ ਦੱਸਿਆ ਕਿ ਜਾਂਚ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।