ਪੱਤਰ ਪ੍ਰੇਰਕ
ਪਠਾਨਕੋਟ, 22 ਜੂਨ
ਬੈਰਾਜ ਸੰਘਰਸ਼ ਕਮੇਟੀ ਸ਼ਾਹਪੁਰਕੰਢੀ ਦਾ ਵਫਦ ਆਪਣੀਆਂ ਮੰਗਾਂ ਨੂੰ ਲੈ ਕੇ ਧਾਰਕਲਾਂ ਦੇ ਤਹਿਸੀਲਦਾਰ ਮੁਨੀਸ਼ ਸ਼ਰਮਾ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ। ਵਫਦ ਆਗੂਆਂ ਵਿੱਚ ਜਸਵੰਤ ਸੰਧੂ, ਸੁਰਜੀਤ ਸਿੰਘ, ਰਵਿੰਦਰ ਬਾਬਾ, ਚੈਨ ਸਿੰਘ, ਹਨੀ ਸਿੰਘ, ਵਿਨੋਦ ਸ਼ਰਮਾ, ਹਰਨਾਮ ਸਿੰਘ, ਯੁਵਰਾਜ ਸਿੰਘ, ਆਰਤੀ ਦੇਵੀ, ਆਦਰਸ਼ ਬਾਲਾ, ਸੁਦੇਸ਼ ਕੁਮਾਰੀ, ਮੀਨਾ ਠਾਕੁਰ ਤੇ ਰੋਹਿਤ ਕੁਮਾਰ ਆਦਿ ਸ਼ਾਮਲ ਸਨ।
ਵਫਦ ਆਗੂਆਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਂ ਦਿੱਤੇ ਗਏ ਮੰਗ ਪੱਤਰ ਵਿੱਚ ਦੱਸਿਆ ਕਿ ਪੰਜਾਬ ਸਰਕਾਰ ਨੇ ਸ਼ਾਹਪੁਰ ਕੰਢੀ ਡੈਮ (ਬੈਰਾਜ ਪ੍ਰੋਜੈਕਟ) ਲਈ ਝੀਲ ਬਣਾਉਣ ਲਈ ਜੋ ਜ਼ਮੀਨ ਐਕੁਆਇਰ ਕੀਤੀ ਹੈ, ਉਸ ਵਿੱਚ ਉਨ੍ਹਾਂ ਦੇ ਸੈਂਕੜੇ ਪਰਿਵਾਰਾਂ ਦੀ ਭੂਮੀ ਅਤੇ ਮਕਾਨ ਸ਼ਾਮਲ ਸਨ। ਰੀ-ਸੈਟਲਮੈਂਟ ਤੇ ਰਿਲੀਫ ਪਾਲਸੀ ਅਨੁਸਾਰ ਪ੍ਰਭਾਵਿਤ ਹੋਏ ਪਰਿਵਾਰਾਂ ਵਿੱਚੋਂ ਹਰ ਪਰਿਵਾਰ ਦੇ ਇਕ ਮੈਂਬਰ ਨੂੰ ਰੁਜ਼ਗਾਰ ਦੇਣਾ ਸੀ। ਸਾਲ 2013 ਦੀ ਪਾਲਿਸੀ ਅਨੁਸਾਰ ਪ੍ਰਭਾਵਿਤ ਹੋਏ ਪਰਿਵਾਰਾਂ ਵਿੱਚੋਂ ਬਹੁਤੇ ਲੋਕਾਂ ਨੂੰ ਰੁਜ਼ਗਾਰ ਦੇ ਦਿੱਤਾ ਗਿਆ ਹੈ ਪਰ ਝੀਲ ਬਣਨ ਨਾਲ ਪ੍ਰਭਾਵਿਤ ਹੋਏ ਪਰਿਵਾਰਾਂ ਨੂੰ ਨਵੇਂ ਇਤਰਾਜ਼ ਲਗਾ ਕੇ ਰੁਜ਼ਗਾਰ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਇਸ ਕਾਰਨ ਪ੍ਰਭਾਵਿਤ ਪਰਿਵਾਰ ਪਿਛਲੇ 3 ਮਹੀਨਿਆਂ ਤੋਂ ਰੋਜ਼ਾਨਾ ਭੁੱਖ ਹੜਤਾਲ ਅਤੇ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਪ੍ਰਭਾਵਿਤ ਹੋਏ ਪਰਿਵਾਰਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਅਤੇ ਪੁਨਰਵਾਸ ਮੁਆਵਜ਼ਾ ਦਿੱਤਾ ਜਾਵੇ।
ਤਹਿਸੀਲਦਾਰ ਮੁਨੀਸ਼ ਸ਼ਰਮਾ ਨੇ ਵਫਦ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਮੰਗ ਪੱਤਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸਿਫਾਰਿਸ਼ ਸਮੇਤ ਭੇਜ ਦੇਣਗੇ। ਇਸ ਮੌਕੇ ਡੀਐਸਪੀ ਧਾਰਕਲਾਂ ਲਖਵਿੰਦਰ ਸਿੰਘ ਰੰਧਾਵਾ, ਐਸਐਚਓ ਧਾਰਕਲਾਂ ਸਬ-ਇੰਸਪੈਕਟਰ ਸਰਬਜੀਤ ਸਿੰਘ ਅਤੇ ਐਸਐਚਓ ਸ਼ਾਹਪੁਰਕੰਢੀ ਸਬ-ਇੰਸਪੈਕਟਰ ਅਮਨਪ੍ਰੀਤ ਕੌਰ ਵੀ ਹਾਜ਼ਰ ਸਨ।