ਹਰੀਕੇ ਨੇੜੇ ਘੁੱਲੇਵਾਲ ਬੰਨ੍ਹ ਨੂੰ ਬਚਾਉਣ ਪੁੱਜੇ ਬਾਬਾ ਸੁੱਖਾ ਸਿੰਘ
ਸੰਪਰਦਾਇ ਕਾਰ ਸੇਵਾ ਸਰਹਾਲੀ ਦੇ ਮੁਖੀ ਬਾਬਾ ਸੁੱਖਾ ਸਿੰਘ ਦੀ ਅਗਵਾਈ ਵਿੱਚ ਸੇਵਾਦਾਰਾਂ ਨੇ ਘੁੱਲੇਵਾਲ ਪਿੰਡ ਦੇ ਟੁੱਟਦੇ ਬੰਨ੍ਹ ਨੂੰ ਬਚਾ ਲਿਆ। ਬਾਬਾ ਸੁੱਖਾ ਸਿੰਘ ਅੱਜ ਸਵੇਰ ਵੇਲੇ ਆਪਣੇ 200 ਦੇ ਕਰੀਬ ਸੇਵਾਦਾਰਾਂ ਨਾਲ ਘੋਨੇਵਾਲ (ਰਮਦਾਸ) ਨੂੰ ਰਾਵੀ ਦਰਿਆ ਦੇ ਕੰਢਿਆਂ ਨੂੰ ਮਜ਼ਬੂਤ ਕਰਨ ਲਈ ਰਵਾਨਾ ਹੋ ਰਹੇ ਸਨ ਕਿ ਉਨ੍ਹਾਂ ਨੂੰ ਹਰੀਕੇ ਨੇੜੇ ਘੁੱਲੇਵਾਲ ਦੀਆਂ ਸੰਗਤਾਂ ਨੇ ਉਨ੍ਹਾਂ ਦੇ ਪਿੰਡ ਨੇੜੇ ਬਿਆਸ ਦਰਿਆ ਦੇ ਬੰਨ੍ਹ ਨੂੰ ਖੋਰਾ ਲੱਗਣ ਦੀ ਜਾਣਕਾਰੀ ਦਿੱਤੀ। ਬਾਬਾ ਸੁੱਖਾ ਸਿੰਘ ਆਪਣੇ ਸੇਵਕਾਂ ਨਾਲ ਘੁੱਲੇਵਾਲ ਆ ਗਏ ਤੇ ਉਨ੍ਹਾਂ ਮਿੱਟੀ ਦੀਆਂ ਬੋਰੀਆਂ ਭਰੀਆਂ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਆਣ ਪੁੱਜੇ। ਉਨ੍ਹਾਂ ਬਾਬਾ ਸੁੱਖਾ ਸਿੰਘ ਨੂੰ ਸੇਵਾ ਦੇ ਤੌਰ ’ਤੇ ਦੋ ਲੱਖ ਰੁਪਏ ਭੇਟ ਕਰਦਿਆਂ ਕਿਹਾ ਕਿ ਉਹ ਬਹੁਤ ਚਿਰ ਤੋਂ ਬਾਬਾ ਜੀ ਦੇ ਦਰਸ਼ਨ ਕਰਨਾ ਲੋਚਦੇ ਸਨ। ਇਸ ਤੋਂ ਬਾਅਦ ਬਾਬਾ ਸੁੱਖਾ ਸਿੰਘ ਨੇ ਤਿੰਨ ਘੰਟੇ ਤੱਕ ਬੰਨ੍ਹ ’ਤੇ ਮਿੱਟੀ ਦੀਆਂ ਬੋਰੀਆਂ ਪਾ ਕੇ ਮਜ਼ਬੂਤ ਕੀਤਾ ਤੇ ਉਹ ਸੇਵਾਦਾਰਾਂ ਸਮੇਤ ਘੋਨੇਵਾਲ (ਰਮਦਾਸ) ਚਲੇ ਗਏ।