ਸਰਹੱਦੀ ਖੇਤਰ ’ਚ ਗੈਂਗਸਟਰ ਲਖਬੀਰ ਸਿੰਘ ਲੰਡਾ ਤੇ ਹੋਰਨਾਂ ਦੇ ਇਸ਼ਾਰਿਆਂ ’ਤੇ ਫਿਰੌਤੀ ਮੰਗਣ ਦੇ ਮਾਮਲਿਆਂ ਵਿੱਚ ਸ਼ਾਮਲ ਪੰਜ ਵਿਅਕਤੀਆਂ ਨੂੰ ਭਿੱਖੀਵਿੰਡ ਪੁਲੀਸ ਨੇ ਐਤਵਾਰ ਦੀ ਰਾਤ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ| ਇਨ੍ਹਾਂ ਵਿੱਚ ਇਕ ਜੂਵੇਨਾਇਲ (ਨਾਬਾਲਗ) ਵੀ ਸ਼ਾਮਲ ਹੈ| ਇਸ ਸਬੰਧੀ ਅੱਜ ਇੱਥੇ ਐੱਸ ਐੱਸ ਪੀ ਰਵਜੋਤ ਗਰੇਵਾਲ ਨੇ ਦੱਸਿਆ ਕਿ ਗਰੋਹ ਇਲਾਕੇ ਅੰਦਰ ਮਿੱਥ ਕੇ ਕਤਲ ਕਰਨ ਤੋਂ ਇਲਾਵਾ ਕੋਈ ਗੰਭੀਰ ਕਾਰਵਾਈ ਕਰਨ ਦੀ ਤਾਕ ਵਿੱਚ ਸੀ| ਐੱਸ ਐੱਸ ਪੀ ਨੇ ਦੱਸਿਆ ਕਿ ਸਥਾਨਕ ਸੀ ਆਈ ਏ ਸਟਾਫ਼ ਦੀ ਪੁਲੀਸ ਨੇ ਏ ਐੱਸ ਆਈ ਗੁਰਦਿਆਲ ਸਿੰਘ ਦੀ ਅਗਵਾਈ ਵਿੱਚ ਬੀਤੀ ਰਾਤ ਵੇਲੇ ਗਸ਼ਤ ਕਰਦਿਆਂ ਬੀ ਐੱਸ ਐਫ਼ ਹੈੱਡਕੁਆਰਟਰ ਨੇੜਿਓਂ ਜੂਵੇਨਾਇਲ ਸਮੇਤ ਗੁਰਵਿੰਦਰ ਸਿੰਘ ਪੱਲੀ ਉਰਫ ਰਾਜਾ, ਜਸ਼ਨਪ੍ਰੀਤ ਸਿੰਘ ਤੋਰੀ ਵਾਸੀ ਭਿੱਖੀਵਿੰਡ, ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਵਾਸੀ ਜੌਹਲ ਢਾਏਵਾਲਾ ਅਤੇ ਜਸਵਿੰਦਰ ਸਿੰਘ ਉਰਫ ਆਸ਼ੂ ਵਾਸੀ ਜਾਮਾਰਾਏ ਨੂੰ ਗ੍ਰਿਫ਼ਤਾਰ ਕਰ ਲਿਆ| ਉਹ ਪਾਕਿਸਤਾਨ ਪਾਰ ਤੋਂ ਡਰੋਨਾਂ ਰਾਹੀਂ ਹਥਿਆਰਾਂ ਦੀ ਸਮਗਲਿੰਗ ਕਰਨ ਤੋਂ ਇਲਾਵਾ ਇਲਾਕੇ ਅੰਦਰ ਨਾਮੀ ਗੈਂਗਸਟਰ ਲਖਬੀਰ ਸਿੰਘ ਲੰਡਾ ਵਾਸੀ ਹਰੀਕੇ, ਸਤਨਾਮ ਸਿੰਘ ਸੱਤਾ ਵਾਸੀ ਨੌਸ਼ਹਿਰਾ ਪੰਨੂੰਆਂ, ਗੁਰਦੇਵ ਸਿੰਘ ਜੈਸਲ ਵਾਸੀ ਚੰਬਲ ਅਤੇ ਗੁਰਜੰਟ ਸਿੰਘ ਜੰਟਾ ਦੇ ਇਸ਼ਾਰਿਆਂ ’ਤੇ ਲੋਕਾਂ ਤੋਂ ਫਿਰੌਤੀਆਂ ਦੀ ਮੰਗ ਕਰਦੇ ਆ ਰਹੇ ਅਤੇ ਇਨਕਾਰ ਕਰਨ ’ਤੇ ਉਨ੍ਹਾਂ ਦੇ ਟਿਕਾਣਿਆਂ ’ਤੇ ਗੋਲੀਆਂ ਚਲਾਉਂਦੇ ਸਨ| ਪੁਲੀਸ ਨੇ ਮੁਲਜ਼ਮਾਂ ਤੋਂ ਤਿੰਨ ਪਿਸਤੌਲ, ਦੋ ਮੈਗਜ਼ੀਨ ਤੇ 5 ਰੌਂਦ ਬਰਾਮਦ ਕੀਤੇ ਹਨ| ਪੁਲੀਸ ਨੇ ਇਸ ਸਬੰਧੀ ਬੀ ਐੱਨ ਐੱਸ ਦੀ ਦਫ਼ਾ 111, ਅਸਲਾ ਐਕਟ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ|