ਪੰਜਾਬੀ ਸਾਹਿਤ ਸਭਾ ਤਰਸਿੱਕਾ ਦਾ ਸਾਲਾਨਾ ਸਮਾਰੋਹ
ਪੰਜਾਬੀ ਸਾਹਿਤ ਸਭਾ ਤਰਸਿੱਕਾ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਅਤੇ ਮਾਸਟਰ ਗੁਰਮੀਤ ਸਿੰਘ ਡੇਹਰੀਵਾਲਾ, ਪ੍ਰਧਾਨ ਬਲਜਿੰਦਰ ਸਿੰਘ ਮਾਂਗਟ ਅਤੇ ਜਨਰਲ ਸਕੱਤਰ ਅਤਰ ਸਿੰਘ ਦੀ ਅਗਵਾਈ ਹੇਠ ਪੰਜਾਬੀ ਸਾਹਿਤ ਸਭਾ ਤਰਸਿੱਕਾ ਦਾ ਸਾਲਾਨਾ ਸਮਾਗਮ ਓ ਵੀ ਐੱਨ ਪਬਲਿਕ ਸਕੂਲ ਵਿੱਚ...
ਪੰਜਾਬੀ ਸਾਹਿਤ ਸਭਾ ਤਰਸਿੱਕਾ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਅਤੇ ਮਾਸਟਰ ਗੁਰਮੀਤ ਸਿੰਘ ਡੇਹਰੀਵਾਲਾ, ਪ੍ਰਧਾਨ ਬਲਜਿੰਦਰ ਸਿੰਘ ਮਾਂਗਟ ਅਤੇ ਜਨਰਲ ਸਕੱਤਰ ਅਤਰ ਸਿੰਘ ਦੀ ਅਗਵਾਈ ਹੇਠ ਪੰਜਾਬੀ ਸਾਹਿਤ ਸਭਾ ਤਰਸਿੱਕਾ ਦਾ ਸਾਲਾਨਾ ਸਮਾਗਮ ਓ ਵੀ ਐੱਨ ਪਬਲਿਕ ਸਕੂਲ ਵਿੱਚ ਹੋਇਆ।
ਸਾਹਿਤਕਾਰ ਮੁਖਤਾਰ ਗਿੱਲ, ਜਗਤਾਰ ਗਿੱਲ, ਹਰਜੀਤ ਸਿੰਘ ਸੰਧੂ, ਬਖ਼ਤਾਵਰ ਸਿੰਘ ਧਾਲੀਵਾਲ, ਰਮੇਸ਼ ਜਾਨੂ ਬਟਾਲਾ, ਰਾਜਬੀਰ ਕੌਰ ਗਰੇਵਾਲ, ਨਵਜੋਤ ਕੌਰ ਬਾਜਵਾ ਬਟਾਲਾ ਕੰਵਲਜੀਤ ਕੌਰ ਥਿੰਦ, ਮੱਖਣ ਭੈਣੀਵਾਲਾ, ਨਵਜੋਤ ਕੌਰ ਭੁੱਲਰ ਅਤੇ ਨਵਜੋਤ ਸਿੰਘ ਤਰਸਿੱਕਾ ਹੋਰ ਸਾਹਿਤਕਾਰਾਂ ਨੇ ਸਮਾਗਮ ਦੀ ਰੌਣਕ ਵਧਾਈ। ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਨੇ ਸਮਾਗਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ ਸਭਾ ਤਰਸਿੱਕਾ ਵੱਲੋਂ ਸ਼ਾਨਦਾਰ ਸਮਾਗਮ ਕਰਵਾ ਕੇ ਪਿੰਡ ਭੋਏਵਾਲ ਦੇ ਜੰਮਪਲ ਡਾ. ਆਤਮ ਸਿੰਘ ਰੰਧਾਵਾ ਦਾ ਸਨਮਾਨ ਕੀਤਾ ਗਿਆ ਹੈ ਜੋ ਕਿ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਦੇ ਅਹੁਦੇ ’ਤੇ ਬਿਰਾਜਮਾਨ ਹੋਏ ਹਨ। ਡਾ. ਹੀਰਾ ਸਿੰਘ ਨੇ ਵੀ ਡਾ. ਆਤਮ ਸਿੰਘ ਰੰਧਾਵਾ ਦੀ ਲਿਆਕਤ ਅਤੇ ਤਜਰਬੇ ਦਾ ਜ਼ਿਕਰ ਕਰਦਿਆਂ ਹੋਇਆਂ ਆਸ ਪ੍ਰਗਟਾਈ ਕਿ ਉਨ੍ਹਾਂ ਦੇ ਸੂਝਵਾਨ ਸੰਗਠਿਤ ਪ੍ਰਬੰਧਨ ਹੇਠ ਖਾਲਸਾ ਕਾਲਜ ਵਿੱਦਿਅਕ, ਖੋਜ, ਖੇਡਾਂ ਅਤੇ ਸਾਹਿਤਕ ਸਰਗਰਮੀਆਂ ਦੇ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਕਰਨ ਦੇ ਸਮਰੱਥ ਹੋਵੇਗਾ। ਪ੍ਰਿੰਸੀਪਲ ਡਾ. ਰੰਧਾਵਾ ਨੇ ਇਲਾਕੇ ਦੇ ਸਿੱਖਿਆ ਖੇਤਰ ਵਿੱਚ ਹਰ ਸਹਾਇਤਾ ਕਰਨ ਦਾ ਯਕੀਨ ਦਿਵਾਇਆ। ਸਾਹਿਤਕ ਸਮਾਗਮ ਦੌਰਾਨ ਨਵਜੋਤ ਕੌਰ ਭੁੱਲਰ ਰਚਿਤ ਕਾਵਿ ਸੰਗ੍ਰਹਿ ‘ਇਤਰ ਨਾਲ ਲਿਖੀ ਇਬਾਰਤ’ ਦਾ ਲੋਕ ਅਰਪਣ ਕੀਤਾ ਗਿਆ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਰਾਜਬੀਰ ਕੌਰ ਗਰੇਵਾਲ ਨੇ ਪੂਰੀ ਨਿਪੁੰਨਤਾ ਸਹਿਤ ਨਿਭਾਈ।

