DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਮ੍ਰਿਤਸਰ: ਕਾਂਗਰਸ ਹੇਠੋਂ ਖਿਸਕਣ ਲੱਗੀ ਮੇਅਰ ਦੀ ਕੁਰਸੀ

‘ਆਪ’ ਮੇਅਰ ਬਣਾਉਣ ਦੇ ਨੇੜੇ; ‘ਆਪ’ ਕੋਲ 38 ਅਤੇ ਕਾਂਗਰਸ ਕੋਲ 40 ਕੌਂਸਲਰ
  • fb
  • twitter
  • whatsapp
  • whatsapp
featured-img featured-img
ਅੰਮ੍ਰਿਤਸਰ ਨਗਰ ਨਿਗਮ ਦਫ਼ਤਰ ਦੀ ਬਾਹਰੀ ਝਲਕ।
Advertisement

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 18 ਜਨਵਰੀ

Advertisement

ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਦੀ ਕੁਰਸੀ ਕਾਂਗਰਸ ਹੱਥ ਆਉਂਦੇ-ਆਉਂਦੇ ਹੱਥੋਂ ਖਿਸਕਦੀ ਅਤੇ ‘ਆਪ’ ਦੇ ਨੇੜੇ ਆਉਂਦੀ ਨਜ਼ਰ ਆ ਰਹੀ ਹੈ। ਅੰਮ੍ਰਿਤਸਰ ਨਗਰ ਨਿਗਮ ਦੀਆਂ 85 ਵਾਰਡਾਂ ਵਾਸਤੇ ਹੋਈਆਂ ਚੋਣਾਂ ਵਿੱਚ ਕਾਂਗਰਸ 40 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਸੀ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਸਿਰਫ 24 ਸੀਟਾਂ ਪ੍ਰਾਪਤ ਹੋਈਆਂ ਸਨ। ਪਰ ਅੱਜ ਸਥਿਤੀ ਇਹ ਹੈ ਕਿ ਆਮ ਆਦਮੀ ਪਾਰਟੀ ਕੋਲ 38 ਕੌਂਸਲਰ ਹੋ ਚੁੱਕੇ ਹਨ ਜਦੋਂ ਕਿ ਕਾਂਗਰਸ 40 ਦੇ ਅੰਕੜੇ ’ਤੇ ਖੜ੍ਹੀ ਹੈ। ਹਾਲ ਹੀ ਵਿੱਚ ਕਾਂਗਰਸ ਦੇ ਕੌਮੀ ਆਗੂ ਦੀ ਅਗਵਾਈ ਹੇਠ ਇੱਥੇ ਇੱਕ ਹੋਟਲ ਵਿੱਚ ਕਾਂਗਰਸ ਦੇ ਚਾਰ ਆਗੂਆਂ ਦੀ ਮੀਟਿੰਗ ਹੋਈ ਸੀ, ਜਿਸ ਤੋਂ ਬਾਅਦ ਕਾਂਗਰਸ ਸ਼ਹਿਰੀ ਦੇ ਦਫਤਰ ਵਿੱਚ ਵੀ ਇੱਕ ਮੀਟਿੰਗ ਹੋਈ। ਵੱਖ-ਵੱਖ ਮੀਟਿੰਗਾਂ ਤੋਂ ਬਾਅਦ ਕਾਂਗਰਸ ਦੇ ਖੇਮੇ ਵਿੱਚ ਆਪਸੀ ਇੱਕਜੁੱਟਤਾ ਦੀ ਘਾਟ ਦੀਆਂ ਅਫਵਾਹਾਂ ਦਾ ਦੌਰ ਸ਼ੁਰੂ ਹੋ ਗਿਆ। ਅਜਿਹੀ ਸਥਿਤੀ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਵਜੋਂ ਪ੍ਰਤਾਪ ਸਿੰਘ ਬਾਜਵਾ ਨੇ ਸਾਰੇ ਵੱਡੇ ਕਾਂਗਰਸੀ ਆਗੂਆਂ ਤੇ ਚੁਣੇ ਗਏ ਕੌਂਸਲਰਾਂ ਦੀ ਇੱਕ ਮੀਟਿੰਗ ਸੱਦੀ, ਜਿਸ ਵਿੱਚ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਇਹ ਵੀ ਐਲਾਨ ਕੀਤਾ ਗਿਆ ਕਿ ਕਾਂਗਰਸ ਦੇ ਸਮੂਹ ਕੌਂਸਲਰਾਂ ਵੱਲੋਂ ਮੇਅਰ ਚੁਣਨ ਦਾ ਅਧਿਕਾਰ ਪਾਰਟੀ ਹਾਈ ਕਮਾਂਡ ਨੂੰ ਦੇ ਦਿੱਤੇ ਗਏ ਹਨ ਅਤੇ ਹੁਣ ਪਾਰਟੀ ਹਾਈ ਕਮਾਂਡ ਹੀ ਫੈਸਲਾ ਕਰੇਗੀ। ਪਰ ਕਾਂਗਰਸ ਦੇ ਅੰਦਰੂਨੀ ਸੂਤਰਾਂ ਮੁਤਾਬਕ ਇਸ ਵੇਲੇ ਕਾਂਗਰਸ ਵਿੱਚ ਸਭ ਅੱਛਾ ਨਹੀਂ ਹੈ ਅਤੇ ਪਾਰਟੀ ਆਪਣੇ ਕੌਂਸਲਰਾਂ ਦੀ ਗਿਣਤੀ ਵਿੱਚ ਵਾਧਾ ਕਰਨ ਵਿੱਚ ਅਸਫਲ ਸਾਬਤ ਹੋ ਰਹੀ ਹੈ, ਜਿਸ ਕਾਰਨ ਮੇਅਰ ਦੀ ਕੁਰਸੀ ਕਾਂਗਰਸ ਤੋਂ ਦਿਨੋ ਦਿਨ ਦੂਰ ਹੁੰਦੀ ਜਾ ਰਹੀ ਹੈ।

‘ਆਪ’ ਦਾ ਕੌਂਸਲਰ ਹੀ ਬਣੇਗਾ ਮੇਅਰ: ਧਾਲੀਵਾਲ

‘ਆਪ’ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਅੰਮ੍ਰਿਤਸਰ ਨਗਰ ਨਿਗਮ ਵਿੱਚ ਮੇਅਰ ਦੀ ਕੁਰਸੀ ’ਤੇ ‘ਆਪ’ ਦਾ ਕੌਂਸਲਰ ਬੈਠੇਗਾ।

ਕੁਲਦੀਪ ਸਿੰਘ ਧਾਲੀਵਾਲ

ਉਨ੍ਹਾਂ ਇਹ ਦੋਸ਼ ਰੱਦ ਕਰ ਦਿੱਤੇ ਕਿ ਆਮ ਆਦਮੀ ਪਾਰਟੀ ਵੱਲੋਂ ਆਜ਼ਾਦ ਤੇ ਹੋਰ ਕੌਂਸਲਰਾਂ ਨੂੰ ਆਪਣੇ ਨਾਲ ਰਲਾਉਣ ਵਾਸਤੇ ਹਰ ਹਰਬਾ ਵਰਤਿਆ ਜਾ ਰਿਹਾ ਹੈ। ਨਵੀਂ ਬਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਕੋਈ ਕਾਨੂੰਨ ਦੇ ਘੇਰੇ ਹੇਠ ਕੰਮ ਕਰਦਾ ਹੈ ਤਾਂ ਕੋਈ ਇਤਰਾਜ਼ ਨਹੀਂ ਹੈ।

Advertisement
×