ਅੰਮ੍ਰਿਤਸਰ ਪੁਲੀਸ ਵੱਲੋਂ ਘਰਾਂ ਤੇ ਵਾਹਨਾਂ ਦੀ ਤਲਾਸ਼ੀ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 29 ਜੂਨ
ਸ਼ਹਿਰ ਵਿੱਚ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਫੜਨ ਅਤੇ ਅਮਨ-ਸ਼ਾਂਤੀ ਕਾਇਮ ਰੱਖਣ ਲਈ ਅੱਜ ਪੁਲੀਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਵੱਖ-ਵੱਖ ਥਾਣਿਆਂ ਦੀ ਪੁਲੀਸ ਵੱਲੋਂ ਸੰਵੇਦਨਸ਼ੀਲ ਇਲਾਕਿਆਂ, ਸ਼ਹਿਰ ਦੇ ਅੰਦਰੂਨੀ ਅਤੇ ਬਾਹਰੀ ਇਲਾਕਿਆਂ ਵਿੱਚ ਸਪੈਸ਼ਲ ਨਾਕਾਬੰਦੀ ਕਰਕੇ ਟ੍ਰਿਪਲ ਰਾਈਡਿੰਗ, ਬਿਨਾਂ ਨੰਬਰ ਪਲੇਟ ਅਤੇ ਬੁਲੇਟ ਮੋਟਰਸਾਈਕਲਾਂ ਰਾਹੀਂ ਪਟਾਕੇ ਮਾਰਨ ਵਾਲੇ ਵਾਹਨਾਂ ਦੀ ਜਾਂਚ ਕੀਤੀ ਗਈ। ਕਾਰਾਂ ’ਤੇ ਲੱਗੀਆਂ ਕਾਲੀਆਂ ਫਿਲਮਾਂ ਅਤੇ ਜਾਲੀਆਂ ਉਤਾਰੀਆਂ ਗਈਆਂ। ਇਸੇ ਦੇ ਨਾਲ ਹੀ ਹੋਟਲਾਂ, ਧਰਮਸ਼ਾਲਾ ਤੇ ਸਰਾਵਾਂ ਦੀ ਚੈਕਿੰਗ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਕੋਲੋਂ ਪੁੱਛ-ਪੜਤਾਲ ਕੀਤੀ ਗਈ। ਪੁਲੀਸ ਅਧਿਕਾਰੀ ਨੇ ਆਖਿਆ ਕਿ ਸਰਚ ਆਪਰੇਸ਼ਨ ਦਾ ਮੁੱਖ ਮਕਸਦ ਮਾੜੇ ਅਨਸਰਾਂ ਵਿੱਚ ਖੌਫ ਪੈਦਾ ਕਰਨਾ ਹੈ ਅਤੇ ਜਨਤਾ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਇਸ ਦੌਰਾਨ ਪੁਲੀਸ ਤੇ ਜਨਤਾ ਦਾ ਆਪਸ ਵਿੱਚ ਵਧੀਆ ਤਾਲਮੇਲ ਬਚਾਉਣ ਦਾ ਯਤਨ ਕੀਤਾ ਗਿਆ ਤਾਂ ਜੋ ਲੋਕਾਂ ਦੀ ਮਦਦ ਨਾਲ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਪੁਲੀਸ ਨੂੰ ਸਹਿਯੋਗ ਦੇਣ। ਇਸ ਤੋਂ ਇਲਾਵਾ ਨਸ਼ਾ ਤਸਕਰਾਂ ਜਾਂ ਮਾੜੇ ਅਨਸਰਾਂ ਬਾਰੇ ਕਿਸੇ ਕਿਸਮ ਦੀ ਕੋਈ ਸੂਚਨਾ ਜਾਂ ਜਾਣਕਾਰੀ ਹੋਵੇ ਤਾਂ ਪੁਲੀਸ ਦੇ ਹੈਲਪਲਾਈਨ ਨੰਬਰ ਅਤੇ ਪੁਲੀਸ ਕੰਟਰੋਲ ਰੂਮ ਦੇ ਨੰਬਰ ’ਤੇ ਸਾਂਝੀ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਮਿਲੀ ਸੂਚਨਾਂ ਦੇ ਆਧਾਰ ’ਤੇ ਤੁਰੰਤ ਐਕਸ਼ਨ ਲਿਆ ਜਾਵੇਗਾ ਅਤੇ ਸੂਚਨਾ ਦੇਣ ਵਾਲੇ ਨਾਮ ਪਤਾ ਗੁਪਤ ਰੱਖਿਆ ਜਾਵੇਗਾ।