ਲੈਫਟੀਨੈਂਟ ਬਣੇ ਅਕਸ਼ੈ ਸਲਾਰੀਆ ਦਾ ਪਿੰਡ ਪੁੱਜਣ ’ਤੇ ਸਵਾਗਤ
ਐੱਨਪੀ ਧਵਨ
ਪਠਾਨਕੋਟ, 15 ਜੂਨ
ਆਈਐੱਮਏ ਦੇਹਰਾਦੂਨ ਤੋਂ ਪਾਸਿੰਗ ਆਊਟ ਹੋਣ ਬਾਅਦ ਨਵ-ਨਿਯੁਕਤ ਲੈਫਟੀਨੈਂਟ ਅਕਸ਼ੈ ਸਲਾਰੀਆ ਦਾ ਆਪਣੇ ਜੱਦੀ ਪਿੰਡ ਕਟਾਰੂਚੱਕ ਵਿੱਚ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਸਭ ਤੋਂ ਪਹਿਲਾਂ ਪਿੰਡ ਦੀ ਪੰਚਾਇਤ ਵੱਲੋਂ ਸਰਪੰਚ ਉਰਮਿਲਾ ਦੇਵੀ, ਜੋ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਪਤਨੀ ਹਨ, ਨੇ ਬੁੱਕਾ ਭੇਟ ਕਰ ਕੇ ਅਕਸ਼ੈ ਦਾ ਸਵਾਗਤ ਕੀਤਾ। ਉਸ ਨੂੰ ਖੁੱਲ੍ਹੀ ਜੀਪ ਵਿੱਚ ਨਜ਼ਦੀਕ ਪੈਂਦੇ ਪਿੰਡ ਚਟਪਟ ਬਨੀ ਦੇ ਇਤਿਹਾਸਕ ਮੰਦਰ ਵਿੱਚ ਲਿਜਾਇਆ ਗਿਆ ਜਿੱਥੇ ਲੈਫਟੀਨੈਂਟ ਅਕਸ਼ੈ ਨੇ ਨਤਮਸਤਕ ਹੋ ਕੇ ਮਹੰਤ ਯੋਗੀ ਸ਼ੰਕਰ ਨਾਥ ਕੋਲੋਂ ਆਸ਼ੀਰਵਾਦ ਲਿਆ। ਇਸ ਮੌਕੇ ਲੈਫਟੀਨੈਂਟ ਅਕਸ਼ੈ ਦੇ ਪਿਤਾ ਐਕਸ ਸਰਵਿਸਮੈਨ ਸ਼ਾਮ ਸਿੰਘ ਸਲਾਰੀਆ ਤੇ ਮਾਤਾ ਮਧੂ ਬਾਲਾ, ਵਿਕਾਸ ਕੁਮਾਰ, ਭੁਪਿੰਦਰ ਸਿੰਘ ਮੁੰਨਾ, ਪਵਨ ਕੁਮਾਰ ਫ਼ੌਜੀ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਆਗੂ ਕੁੰਵਰ ਰਵਿੰਦਰ ਵਿੱਕੀ, ਰਾਜਪੂਤ ਸਭਾ ਦੇ ਸੂਬਾ ਪ੍ਰਧਾਨ ਠਾਕੁਰ ਦਵਿੰਦਰ ਦਰਸ਼ੀ, ਕੌਂਸਲਰ ਵਿਕਰਮ ਬੀਕੂ, ਬਿੱਟਾ ਕਾਟਲ, ਠਾਕੁਰ ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਪਰਿਸ਼ਦ ਵੱਲੋਂ ਵੀ ਅਕਸ਼ੇ ਸਲਾਰੀਆ ਨੂੰ ਗੌਰਵ ਸਨਮਾਨ ਦੇ ਕੇ ਸਨਮਾਨਿਆ ਗਿਆ।
ਲੈਫਟੀਨੈਂਟ ਅਕਸ਼ੈ ਸਲਾਰੀਆ ਨੇ ਪਿੰਡ ਵਾਸੀਆਂ ਅਤੇ ਪਰਿਸ਼ਦ ਦੇ ਆਗੂਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਜੇਕਰ ਉਹ ਇਸ ਆਹੁਦੇ ’ਤੇ ਪਹੁੰਚਿਆ ਹਾਂ, ਉਸ ਦੇ ਪਿੱਛੇ ਮਾਤਾ-ਪਿਤਾ ਦਾ ਸੰਘਰਸ਼ ਤੇ ਆਸ਼ੀਰਵਾਦ ਦਾ ਸਭ ਤੋਂ ਵੱਡਾ ਯੋਗਦਾਨ ਹੈ, ਜਿਨ੍ਹਾਂ ਨੇ ਉਸ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ। ਉਸ ਨੇ ਕਿਹਾ ਕਿ ਉਸ ਦੀ ਤੀਸਰੀ ਪੀੜ੍ਹੀ ਸੈਨਾ ਵਿੱਚ ਸੇਵਾਵਾਂ ਦੇਣ ਜਾ ਰਹੀ ਹੈ। ਪਹਿਲਾਂ ਉਸ ਦੇ ਦਾਦਾ ਮਰਹੂਮ ਸਿਪਾਹੀ ਸੁਨੀਤ ਸਲਾਰੀਆ ਅਤੇ ਫਿਰ ਉਸ ਦੇ ਪਿਤਾ ਸ਼ਾਮ ਸਿੰਘ ਸਲਾਰੀਆ ਵੀ ਸੈਨਾ ’ਚ ਨੌਕਰੀ ਕਰ ਚੁੱਕੇ ਹਨ। ਹੁਣ ਉਹ ਇਸ ਮੁਕਾਮ ’ਤੇ ਪੁੱਜਿਆ ਹੈ। ਇਕੱਲਾ ਇਹੀ ਨਹੀਂ ਉਸ ਦੀ ਭੈਣ ਤਮੰਨਾ ਸਲਾਰੀਆ ਦੀ ਵੀ ਚੋਣ ਬਤੌਰ ਲੈਫਟੀਨੈਂਟ ਚੋਣ ਹੋਈ ਹੈ ਤੇ ਉਹ ਓਟੀਏ ਗਯਾ ਵਿੱਚ ਟ੍ਰੇਨਿੰਗ ਕਰ ਰਹੀ ਹੈ ਜੋ ਸਤੰਬਰ ਵਿੱਚ ਪਾਸਿੰਗ ਆਊਟ ਹੋਵੇਗੀ।