ਨਿੱਜੀ ਪੱਤਰ ਪ੍ਰੇਰਕ
ਕਾਦੀਆਂ, 23 ਜੂਨ
ਨਜ਼ਦੀਕੀ ਪਿੰਡ ਭਾਮ ਦੇ ਕਿਸਾਨ ਹਰਭਜਨ ਸਿੰਘ ਵੱਲੋਂ ਤਿੰਨ ਏਕੜ ਰਕਬੇ ਵਿੱਚ ਬੀਜੀ ਮੱਕੀ ਦੀ ਫ਼ਸਲ ਦਾ ਖੇਤੀਬਾੜੀ ਵਿਭਾਗ ਦੀ ਟੀਮ ਨੇ ਜਾਇਜ਼ਾ ਲਿਆ। ਟੀਮ ’ਚ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਡਾ. ਅਮਰੀਕ ਸਿੰਘ ਦੇ ਨਾਲ ਬਲਾਕ ਖੇਤੀਬਾੜੀ ਅਫ਼ਸਰ ਡਾ. ਸ਼ਾਹਬਾਜ਼ ਸਿੰਘ ਚੀਮਾ ਤੇ ਖ਼ੇਤੀਬਾੜੀ ਵਿਸਥਾਰ ਅਫ਼ਸਰ ਮਨਪ੍ਰੀਤ ਸਿੰਘ ਵੀ ਮੌਜੂਦ ਸਨ।
ਡਾ. ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਦੀ ਕਾਸ਼ਤ ਕਰਨ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾਣ ਕਾਰਨ ਭਵਿੱਖ ਵਿੱਚ ਖੇਤੀ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਝੋਨੇ ਹੇਠੋਂ ਰਕਬਾ ਕੱਢ ਕੇ ਮੱਕੀ ਹੇਠ ਲਿਆਉਣ ਲਈ ਸ਼ੁਰੂ ਕੀਤੇ ਪਾਇਲਟ ਪ੍ਰਾਜੈਕਟ ਤਹਿਤ 2000 ਹੈਕਟੇਅਰ ਰਕਬੇ ਵਿੱਚ ਸਾਉਣੀ ਦੀ ਮੱਕੀ ਦੀ ਕਾਸ਼ਤ ਕਰਵਾਉਣ ਦਾ ਟੀਚਾ ਮਿੱਥਿਆ ਹੈ। ਇਸ ਪ੍ਰਾਜੈਕਟ ਤਹਿਤ ਜੋ ਕਿਸਾਨ ਝੋਨੇ ਦੀ ਖੇਤੀ ਕਰਨ ਦੀ ਬਿਜਾਏ ਸਾਉਣੀ ਰੁੱਤ ਵਾਲੀ ਮੱਕੀ ਕਾਸ਼ਤ ਕਰੇਗਾ, ਨੂੰ ਪ੍ਰਤੀ ਹੈਕਟੇਅਰ 17500 ਰੁਪਏ ਬਤੌਰ ਪ੍ਰੋਤਸਾਹਨ ਰਾਸ਼ੀ ਵਜੋਂ ਸਿੱਧੇ ਬੈਂਕ ਖਾਤਿਆਂ ਵਿੱਚ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿਸਾਨਾਂ ਅਤੇ ਖ਼ੇਤੀਬਾੜੀ ਅਧਿਕਾਰੀਆਂ ਵਿੱਚ ਤਾਲਮੇਲ ਵਧਾਉਣ ਲਈ ਜ਼ਿਲ੍ਹੇ ਅੰਦਰ 30 ਅਗਾਂਹਵਧੂ ਕਿਸਾਨ ਮਿੱਤਰ ਨਿਯੁਕਤ ਕੀਤੇ ਹਨ।
ਬਲਾਕ ਖੇਤੀਬਾੜੀ ਅਫ਼ਸਰ ਡਾ. ਸ਼ਾਹਬਾਜ਼ ਸਿੰਘ ਚੀਮਾ ਨੇ ਦੱਸਿਆ ਸਾਉਣੀ ਰੁੱਤ ਦੀ ਮੱਕੀ ਦੀ ਫਸਲ ਤੋਂ ਵਧੇਰੇ ਪੈਦਾਵਾਰ ਲੈਣ ਲਈ ਪੰਜਾਬ ਖ਼ੇਤੀਬਾੜੀ ਯੂਨੀਵਰਸਿਟੀ ਦੁਆਰਾ ਸਿਫਾਰਸ਼ ਤਕਨੀਕਾਂ ਅਪਣਾਉਣੀਆ ਚਾਹੀਦੀਆਂ ਹਨ। ਇਸ ਮੌਕੇ ਕਿਸਾਨ ਨਰਿੰਦਰ ਸਿੰਘ, ਹਰਦੀਪ ਸਿੰਘ, ਧਨਵੰਤ ਸਿੰਘ, ਸੁਖਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਹਾਜ਼ਰ ਸਨ।