ਐਕਸੀਅਨ ਨਾਲ ਮੁਲਾਜ਼ਮ ਮੰਗਾਂ ਬਾਰੇ ਸਹਿਮਤੀ ਬਣੀ
ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਵਾਟਰ ਸਪਲਾਈ ਸੈਨੀਟੇਸ਼ਨ ਮੰਡਲ-2 ਪਠਾਨਕੋਟ ਦੇ ਕਾਰਜਕਾਰੀ ਇੰਜੀਨੀਅਰ ਸੁਖਜੀਤ ਸਿੰਘ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਫੈਸਲਾ ਹੋਇਆ ਕਿ 20:30:50 ਅਨੁਪਾਤ ਅਨੁਸਾਰ ਟੈਕਨੀਸ਼ੀਅਨ ਗਰੇਡ-1 ਦੀ ਪਲੇਸਮੈਂਟ ਕੀਤੀ ਜਾਵੇਗੀ। ਜਿਸ ਲਈ ਵਿੱਤੀ ਸਲਾਹਕਾਰ ਪਟਿਆਲਾ ਨੂੰ ਕੇਸ ਭੇਜਿਆ ਜਾਵੇਗਾ ਅਤੇ ਦਰਜਾ ਚਾਰ ਮੁਲਾਜ਼ਮਾਂ ਨੂੰ ਵਰਦੀ ਦਿੱਤੀ ਜਾਵੇਗੀ। ਜਿਸ ਲਈ ਦਰਜਾ ਚਾਰ ਮੁਲਾਜ਼ਮ ਆਪਣੀ ਬੇਨਤੀ ਉਪ-ਮੰਡਲ ਦਫਤਰ ਵਿੱਚ ਜਮ੍ਹਾਂ ਕਰਵਾਉਣ। ਇਸ ਦੇ ਇਲਾਵਾ 1 ਜਨਵਰੀ 2016 ਤੋਂ ਬਾਅਦ ਸੇਵਾਮੁਕਤ ਹੋਏ ਮੁਲਾਜ਼ਮਾਂ ਨੂੰ ਲੀਵ-ਇਨਕੈਸ਼ਮੈਂਟ ਦੀ ਬਕਾਏ ਦੀ ਕਿਸ਼ਤ ਦੇਣ ਲਈ ਬਿੱਲ ਖਜਾਨਾ ਦਫਤਰ ਨੂੰ ਭੇਜ ਦਿੱਤਾ ਜਾਵੇਗਾ। ਜਦ ਕਿ ਰੈਵੀਨਿਊ ਕੁਲੈਕਟਰਾਂ ਦੇ 4 ਪ੍ਰਤੀਸ਼ਤ ਮਾਨ ਭੱਤੇ ਦੇ ਪੈਸੇ ਖਾਤੇ ਵਿੱਚ ਪਾ ਦਿੱਤੇ ਗਏ ਹਨ।
ਇਸ ਮੌਕੇ ਪ੍ਰਧਾਨ ਰਾਜਿੰਦਰ ਕੁਮਾਰ, ਚੇਅਰਮੈਨ ਸਤੀਸ਼ ਸ਼ਰਮਾ, ਵਿੱਤ ਸਕੱਤਰ ਮੋਹਨ ਸਿੰਘ, ਸੁਰਿੰਦਰ ਸੈਣੀ, ਸੁਰੇਸ਼ ਕੁਮਾਰ, ਸੀਨੀਅਰ ਅਸਿਸਟੈਂਟ ਅੰਮ੍ਰਿਤਪਾਲ ਸ਼ਰਮਾ, ਅਮਰਜੀਤ ਸਿੰਘ ਆਦਿ ਹਾਜ਼ਰ ਸਨ।