ਪਠਾਨਕੋਟ ਦੇ ਢਾਂਗੂ ਰੋਡ ’ਤੇ ਸੋਨੀ ਬੇਕਰੀ ਦੇ ਨਜ਼ਦੀਕ ਸ਼ਿਵਮ ਐਂਟਰਪ੍ਰਾਈਜ਼ ’ਤੇ 30 ਅਗਸਤ ਦੀ ਰਾਤ ਨੂੰ 12.15 ਵਜੇ ਫਾਇਰਿੰਗ ਕਰਨ ਅਤੇ ਫਿਰ 27 ਸਤੰਬਰ ਦੀ ਰਾਤ 11.50 ਵਜੇ ਗੈਰ-ਕਾਨੂੰਨੀ ਹਥਿਆਰਾਂ ਨਾਲ ਸਿਕੰਦਰ ਉਰਫ਼ ਰਿੰਕੂ ਨੂੰ ਗੋਲੀ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦੇਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਮਾਮਲਿਆਂ ਨੂੰ ਪਠਾਨਕੋਟ ਪੁਲੀਸ ਨੇ ਸੁਲਝਾ ਲਿਆ ਹੈ ਅਤੇ ਇਸ ਕਾਂਡ ਲਈ ਜ਼ਿੰਮੇਵਾਰ 7 ਵਿਅਕਤੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।
ਗ੍ਰਿਫ਼ਤਾਰ ਕੀਤੇ ਵਿਅਕਤੀਆਂ ਵਿੱਚ ਤਿੰਨ ਉਹ ਵਿਅਕਤੀ ਵੀ ਸ਼ਾਮਲ ਹਨ, ਜਿੰਨ੍ਹਾਂ ਨੇ ਵਾਰਦਾਤ ਕਰਨ ਬਾਅਦ ਮੁਲਜ਼ਮਾਂ ਨੂੰ ਪਨਾਹ ਦਿੱਤੀ ਸੀ। ਜਦੋਂ ਕਿ 5 ਹੋਰ ਪੁਲੀਸ ਦੇ ਰਾਡਾਰ ’ਤੇ ਹਨ, ਜਿੰਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੁਲੀਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਦੀਪਕ ਮਲਹੋਤਰਾ ਉਰਫ ਸੌਰਭ ਵਾਸੀ ਢਾਕੀ ਪ੍ਰੇਮ ਨਗਰ, ਪਠਾਨਕੋਟ, ਸਾਹਿਲ ਸੈਣੀ ਉਰਫ਼ ਸ਼ਾਲੂ ਵਾਸੀ ਢਾਕੀ ਪ੍ਰੇਮ ਨਗਰ ਪਠਾਨਕੋਟ, ਤਾਰਾਗੜ੍ਹ ਦੇ ਫੇਰੂਵਾਲ ਦੇ ਰਹਿਣ ਵਾਲੇ ਦੀਪਕ ਸਿੰਘ ਉਰਫ਼ ਦੀਪੂ ਸ਼ਾਮਲ ਹਨ।
ਇਨ੍ਹਾਂ ਕੋਲੋਂ ਚਾਰ 32 ਬੋਰ ਦੇ ਪਿਸਤੌਲ, ਕਈ ਜ਼ਿੰਦਾ ਕਾਰਤੂਸ ਅਤੇ 60 ਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਜਦੋਂਕਿ ਪਨਾਹ ਦੇਣ ਵਾਲੇ ਜੋ ਤਿੰਨ ਗ੍ਰਿਫ਼ਤਾਰ ਕੀਤੇ ਗਏ ਹਨ, ਉਨ੍ਹਾਂ ਵਿੱਚ ਰਘਬੀਰ ਸਿੰਘ, ਸੁਰਿੰਦਰ ਸਿੰਘ ਅਤੇ ਵਿਨੋਦ ਕੁਮਾਰ ਵਾਸੀਆਨ ਪਠਾਨਕੋਟ ਸ਼ਾਮਲ ਹਨ।
ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ ਮੰਨਿਆਂ ਕਿ ਉਨ੍ਹਾਂ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਹਮਲੇ ਕੀਤੇ ਸਨ।