‘ਆਪ’ ਦਾ ਵਫ਼ਦ ਥਾਣਾ ਮੁਖੀ ਨੂੰ ਮਿਲਿਆ
ਹਲਕਾ ਆਦਮਪੁਰ ਦੇ ‘ਆਪ’ ਦੇ ਸੰਗਠਨ ਇੰਚਾਰਜ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਵਿੱਚ ਪਾਰਟੀ ਦੇ ਆਗੂਆਂ ਨੇ ਥਾਣਾ ਭੋਗਪੁਰ ਮੁਖੀ ਇੰਸਪੈਕਟਰ ਰਵਿੰਦਰ ਪਾਲ ਸਿੰਘ ਨਾਲ ਮੀਟਿੰਗ ਕਰ ਕੇ ਸ਼ਹਿਰ ਦੀਆਂ ਸਮਸਿਆਵਾਂ ਬਾਰੇ ਚਰਚਾ ਕੀਤੀ। ਸ੍ਰੀ ਪੰਮਾ ਨੇ ਕਿਹਾ ਕਿ ਨਵੇਂ ਬੱਸ ਅੱਡੇ ਨਜ਼ਦੀਕ ਕੌਮੀ ਮਾਰਗ ’ਤੇ ਪੁਲੀਸ ਮੁਲਾਜ਼ਮਾਂ ਦੀ ਡਿਊਟੀ ਲਗਾ ਕੇ ਸ਼ਹਿਰ ਵਿੱਚ ਨਵੇਂ ਬਣੇ ਬੱਸ ਅੱਡੇ ਵਿੱਚ ਬੱਸਾਂ ਦੇ ਜਾਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਸ਼ਹਿਰ ਵਿੱਚ ਕੌਮੀ ਮਾਰਗ ਦੇ ਦੋਵੇਂ ਪਾਸੇ ਸਰਵਿਸ ਲੇਨ ਤੋਂ ਰੇਹੜੀਆਂ ਅਤੇ ਦੁਕਾਨਦਾਰਾਂ ਦਾ ਬਾਹਰ ਰੱਖਿਆ ਸਾਮਾਨ ਚੁਕਵਾ ਕੇ ਸ਼ਹਿਰ ਵਿੱਚ ਆਵਾਜਾਈ ਵਿੱਚ ਪੈ ਰਹੀਆਂ ਦਿੱਕਤਾਂ ਨੂੰ ਦੂਰ ਕੀਤਾ ਜਾਵੇ।
ਇੰਸਪੈਕਟਰ ਰਵਿੰਦਰਪਾਲ ਸਿੰਘ ਨੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਬੱਸਾਂ ਨੂੰ ਨਵੇਂ ਬੱਸ ਅੱਡੇ ਵਿੱਚ ਭੇਜਿਆ ਜਾਵੇਗਾ ਤੇ ਕੌਮੀ ਮਾਰਗ ਤੋਂ ਕਬਜ਼ੇ ਹਟਾਉਣ ਲਈ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਅਤੇ ‘ਆਪ’ ਦੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਉਹ ਟਰਾਂਸਪੋਰਟ ਵਿਭਾਗ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਮਿਲ ਕੇ ਇਹ ਮੰਗ ਰੱਖਣਗੇ ਕਿ ਜਲੰਧਰ ਤੋਂ ਚੱਲਣ ਵਾਲੀ ਬੱਸ ਭੋਗਪੁਰ ਦੀਆਂ ਸਵਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਚੁੱਕੇ ਅਤੇ ਹਰ ਬੱਸ ਨਵੇਂ ਬਣੇ ਬੱਸ ਅੱਡੇ ’ਚ ਦਾਖ਼ਲ ਹੋਵੇ।