ਕਰਿਆਨੇ ਦੀ ਦੁਕਾਨ ਵਿੱਚ ਅੱਗ ਲੱਗੀ
ਬੀਰਬਲ ਰਿਸ਼ੀ
ਸ਼ੇਰਪੁਰ, 5 ਅਪਰੈਲ
ਇੱਥੇ ਥਾਣਾ ਰੋਡ ’ਤੇ ਪੈਂਦੀ ਕਰਿਆਨੇ ਦੀ ਦੁਕਾਨ ਨੂੰ ਬੀਤੀ ਦੇਰ ਰਾਤ ਅੱਗ ਲੱਗ ਗਈ ਜਿਸ ਕਾਰਨ ਦੁਕਾਨ ਅੰਦਰਲਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨ ਦੇ ਮਾਲਕ ਨੇ 40 ਲੱਖ ਤੋਂ ਵੱਧ ਨੁਕਸਾਨ ਹੋਣ ਦਾ ਦਾਅਵਾ ਕੀਤਾ।
ਦੁਕਾਨ ਦੇ ਮਾਲਕ ਹੀਰਾ ਲਾਲ ਨੇ ਦੱਸਿਆ ਕਿ ਲੰਘੀ ਰਾਤ ਉਨ੍ਹਾਂ ਨੂੰ ਦੁਕਾਨ ’ਤੇ ਅੱਗ ਲੱਗ ਜਾਣ ਦਾ ਦੇਰ ਰਾਤ ਪਤਾ ਲੱਗਿਆ ਅਤੇ ਉਸ ਨੇ ਮੌਕੇ ’ਤੇ ਪਹੁੰਚ ਕੇ ਜਿਉਂ ਹੀ ਸ਼ਟਰ ਖੋਲ੍ਹਿਆ ਤਾਂ ਦੁਕਾਨ ਵਿੱਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ। ਨੌਜਵਾਨਾਂ ਨੇ ਮਿਨੀ ਫਾਇਰ ਬ੍ਰਿਗੇਡ ਲਿਆ ਕੇ ਕਾਫ਼ੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਉਂਜ ਮੌਕੇ ’ਤੇ ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਹੋਰ ਗੱਡੀਆਂ ਵੀ ਪਹੁੰਚੀਆਂ। ਉਨ੍ਹਾਂ ਦੱਸਿਆ ਕਿ ਕਰਿਆਨੇ ਦੇ ਸਾਮਾਨ ਤੋਂ ਇਲਾਵਾ, ਏਸੀ, ਕੀਮਤੀ ਫਰਨੀਚਰ, ਫਿਟਿੰਗ ਤੇ ਨਕਦੀ ਅੱਗ ਦੀ ਭੇਟ ਚੜ੍ਹ ਗਈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਦੁਕਾਨਦਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਅਤੇ ਅੱਗ ਬੁਝਾਉਣ ਲਈ ਅੱਗੇ ਆਏ ਨੌਜਵਾਨਾਂ ਦੇ ਨਾਮ 15 ਅਗਸਤ ਦੇ ਅਜ਼ਾਦੀ ਜਸ਼ਨਾ ਦੌਰਾਨ ਵਿਸ਼ੇਸ਼ ਸਨਮਾਨ ਲਈ ਭੇਜੇ ਜਾਣ।