ਪੱਤਰ ਪ੍ਰੇਰਕ
ਸਮਰਾਲਾ, 13 ਜੁਲਾਈ
ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪੀਏਡੀਬੀ ਦੇ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਰੂਬੀ ਬੈਨੀਪਾਲ ਨੇ ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਨਿਰਦੇਸ਼ਾਂ ਅਤੇ ਜਥੇਦਾਰਾਂ ਸਹਿਬਾਨਾਂ ਵੱਲੋਂ ਬਣਾਈ ਗਈ 5 ਮੈਂਬਰੀ ਕਮੇਟੀ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਹਲਕਾ ਸਮਰਾਲਾ ਤੋਂ 25,000 ਵਰਕਰਾਂ ਦੀ ਭਰਤੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਅਕਾਲੀ ਦਲ ’ਚ ਭਰਤੀ ਲਈ ਸਮਰਾਲਾ ਵਾਸੀਆਂ ਨੇ ਭਾਰੀ ਉਤਸ਼ਾਹ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਵਰਕਰਾਂ ਨੇ ਪਿੰਡ-ਪਿੰਡ ਤੇ ਘਰ-ਘਰ ਜਾ ਕੇ ਲੋਕਾਂ ਨੂੰ ਅਕਾਲੀ ਦਲ ਨਾਲ ਜੋੜ ਕੇ ਫਾਰਮ ਭਰੇ ਅਤੇ ਨਵੇਂ ਜੁੜੇ ਮੈਂਬਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਅਕਾਲੀ ਦਲ ਦਾ ਡੱਟ ਕੇ ਸਾਥ ਦੇਣਗੇ। ਬੈਨੀਪਾਲ ਨੇ ਕਿਹਾ ਕਿ ਹਲਕਾ ਸਮਰਾਲਾ ਵਿਚ ਸਭ ਤੋਂ ਵੱਧ ਭਰਤੀ ਬਲਾਕ ਮਾਛੀਵਾੜਾ ਸਾਹਿਬ ਵਿਚ ਹੋਈ ਹੈ ਕਿਉਂਕਿ ਇਸ ਇਲਾਕੇ ਦੇ ਲੋਕ ਹਮੇਸ਼ਾ ਪੰਥਕ ਸੋਚ ਵਾਲੇ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਵਰਕਰਾਂ ਨੇ ਬੋਗਸ ਭਰਤੀ ਦੀ ਬਜਾਏ ਲੋਕਾਂ ਨਾਲ ਆਪ ਰਾਬਤਾ ਕਾਇਮ ਕਰ ਫਾਰਮ ਭਰੇ ਅਤੇ ਅੱਜ 25,000 ਵਰਕਰਾਂ ਦੀ ਭਰਤੀ ਸਬੰਧੀ ਦਸਤਾਵੇਜ਼ 5 ਮੈਂਬਰੀ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਇਯਾਲੀ ਅਤੇ ਸੰਤਾ ਸਿੰਘ ਉਮੈਦਪੁਰ ਨੂੰ ਸੌਂਪ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹਲਕਾ ਸਮਰਾਲਾ ਦੇ ਲੋਕਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਪੰਥ ਦੀ ਮਜ਼ਬੂਤੀ ਲਈ ਉਨ੍ਹਾਂ ਦਾ ਸਹਿਯੋਗ ਦਿੱਤਾ ਹੈ ਜਿਸ ਲਈ ਉਹ ਹਮੇਸ਼ਾ ਰਿਣੀ ਰਹਿਣਗੇ।