ਪਾਕਿਸਤਾਨੀ ਤਸਕਰਾਂ ਦੀ ਸ਼ਹਿ ’ਤੇ ਸਰਹੱਦ ਪਾਰੋਂ ਚਲਾਏ ਜਾ ਰਹੇ ਹਥਿਆਰ ਤਸਕਰੀ ਮਾਮਲੇ ਵਿਚ ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਸੱਤ ਕਾਰਕੁਨਾਂ, ਜਿਨਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ, ਨੂੰ 15 ਆਧੁਨਿਕ ਪਿਸਤੌਲਾਂ ਸਣੇ ਗ੍ਰਿਫਤਾਰ ਕੀਤਾ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਦਿਹਾਤੀ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ 9 ਪਿਸਤੌਲ ਬਰਾਮਦ ਕੀਤੇ ਸਨ।
ਅੱਜ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸ਼ਮਸ਼ੇਰ ਸਿੰਘ ਉਰਫ਼ ਸੀਮਾ (30) ,ਅਮਨਦੀਪ ਸਿੰਘ ਉਰਫ਼ ਬੌਬੀ (23) ਦੋਵੇਂ ਵਾਸੀ ਫਕੀਰ ਸਿੰਘ ਕਲੋਨੀ ,ਅੰਮ੍ਰਿਤਸਰ, ਬਲਵਿੰਦਰ ਸਿੰਘ ਉਰਫ਼ ਕਾਕਾ (26), ਗੁਰਦੇਵ ਸਿੰਘ (40), ਕਰਨਪ੍ਰੀਤ ਸਿੰਘ (19) ਅਤੇ ਹਰਮਨ ਸਿੰਘ (19) ਸਾਰੇ ਵਾਸੀ ਪਿੰਡ ਕੱਕੜ (ਅੰਮ੍ਰਿਤਸਰ ਦਿਹਾਤੀ) ਵਜੋਂ ਹੋਈ ਹੈ, ਜਦੋਂ ਕਿ ਇੱਕ 17 ਸਾਲਾ ਨਾਬਾਲਗ ਵੀ ਸ਼ਾਮਲ ਹੈ। ਮੁਲਜ਼ਮਾਂ ਤੋਂ ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਨੌਂ 9 ਐਮਐਮ ਗਲੋਕ ਪਿਸਤੌਲਾਂ ਅਤੇ ਛੇ .30 ਬੋਰ ਪਿਸਤੌਲਾਂ ਸ਼ਾਮਲ ਹਨ।
ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਇੱਕ ਪਾਕਿਸਤਾਨੀ ਹੈਂਡਲਰ ਦੇ ਸੰਪਰਕ ਵਿੱਚ ਸਨ। ਇਹ ਗੈਰ-ਕਾਨੂੰਨੀ ਹਥਿਆਰਾਂ ਦੀ ਪ੍ਰਾਪਤੀ ਅਤੇ ਸਪਲਾਈ ਵਿੱਚ ਸਰਗਰਮੀ ਨਾਲ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਅਤੇ ਇਸ ਨੂੰ ਖਤਮ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਅੰਮ੍ਰਿਤਸਰ ਦੇ ਪੁਲੀਸ ਸਟੇਸ਼ਨ ਛਾਉਣੀ ਵਿੱਚ ਅਸਲਾ ਐਕਟ ਦੀ ਧਾਰਾ 25(6,7,8) ਤਹਿਤ ਦੋ ਵੱਖ-ਵੱਖ ਮਾਮਲੇ ਤਹਿਤ ਕੇਸ ਦਰਜ ਕੀਤੇ ਗਏ ਹਨ।

