ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਦੀ 33ਵੀਂ ਬਰਸੀ ਦੇ ਸਬੰਧ ਵਿੱਚ ਅੱਜ ਸੰਸਥਾ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ ਹੈ। ਸੰਸਥਾ ਵੱਲੋਂ ਇਸ ਸਬੰਧ ਵਿੱਚ ਪੰਜ ਰੋਜ਼ਾ ਪ੍ਰੋਗਰਾਮ ਰੱਖੇ ਗਏ ਹਨ।
ਬਰਸੀ ਸਮਾਗਮ ਦੇ ਦੂਜੇ ਦਿਨ ਪਿੰਗਲਵਾੜਾ ਦੀ ਮਾਨਾਵਾਲਾ ਸਥਿਤ ਸ਼ਾਖਾ ਵਿੱਚ ਖੂਨਦਾਨ ਕੈਂਪ ਲਾਇਆ ਗਿਆ। ਇਸ ਮੌਕੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਸੰਸਥਾ ਦੀ ਮੁਖੀ ਡਾਕਟਰ ਇੰਦਰਜੀਤ ਕੌਰ ਨੇ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਦੱਸਿਆ ਕਿ ਹਰ ਸਾਲ ਵਾਂਗ ਭਗਤ ਜੀ ਦੀ ਬਰਸੀ ਦੇ ਸਬੰਧ ਵਿੱਚ ਅੱਜ ਖੂਨਦਾਨ ਕੈਂਪ ਲਾਇਆ ਗਿਆ। ਗੁਰੂ ਨਾਨਕ ਦੇਵ ਹਸਪਤਾਲ ਅਤੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਸਹਿਯੋਗ ਨਾਲ ਲਾਏ ਕੈਂਪ ਵਿੱਚ ਲਗਪਗ 120 ਯੂਨਿਟ ਖੂਨ ਦਾਨ ਕੀਤਾ ਗਿਆ।
ਖੂਨਦਾਨ ਕਰਨ ਵਾਲੀਆਂ ਸੰਸਥਾਵਾਂ ਵਿੱਚ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਕਾਲਜ, ਸ੍ਰੀ ਗੁਰੂ ਰਾਮਦਾਸ ਬਲੱਡ ਡੋਨੇਸ਼ਨ ਸੁਸਾਇਟੀ, ਪਿੰਗਲਵਾੜਾ ਸੰਸਥਾ ਦੇ ਸੇਵਾਦਾਰ, ਰਾਣਾ ਪਲਵਿੰਦਰ ਸਿੰਘ ਤੇ ਹੋਰ ਲੋਕ ਸ਼ਾਮਲ ਸਨ।
ਇਸ ਮੌਕੇ ਵਿਧਾਇਕ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਖ਼ੁਦ ਵੀ ਖੂਨਦਾਨ ਕੀਤਾ। ਉਨ੍ਹਾਂ ਕਿਹਾ ਕਿ ਖੂਨਦਾਨ ਮਨੁੱਖਤਾ ਲਈ ਮਹਾਦਾਨ ਹੈ ਤੇ ਲੋਕਾਂ ਨੂੰ ਖੂਨਦਾਨ ਕਰਨ ਸਮੇਂ ਝਿਜਕਣਾ ਨਹੀਂ ਚਾਹੀਦਾ। ਸ਼੍ਰੋਮਣੀ ਕਮੇਟੀ ਦੇ ਮੈਂਬਰ ਰਜਿੰਦਰ ਸਿੰਘ ਮਹਿਤਾ ਨੇ ਵੀ ਖੂਨਦਾਨ ਕੀਤਾ। ਇਸ ਮੌਕੇ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ ਸੀ।
ਸਮਾਗਮ ਵਿੱਚ ਡਾ. ਜਗਦੀਪਕ ਸਿੰਘ, ਮੁਖਤਾਰ ਸਿੰਘ, ਹਰਜੀਤ ਸਿੰਘ ਅਰੋੜਾ, ਰਾਜਬੀਰ ਸਿੰਘ, ਯੋਗੇਸ਼ ਸੂਰੀ ਰਜਿੰਦਰ ਸਿੰਘ, ਪਰਮਿੰਦਰਜੀਤ ਸਿੰਘ ਭੱਟੀ, ਨਿਰਮਲ ਸਿੰਘ, ਬੀਬੀ ਰਾਜਵਿੰਦਰ ਕੌਰ ਬਾਜਵਾ, ਤਿਲਕਰਾਜ, ਗੁਲਸ਼ਨ ਰੰਜਨ, ਸੁਰਿੰਦਰ ਕੌਰ ਭੱਟੀ, ਹਰਪਾਲ ਸਿੰਘ ਸੰਧੂ ਤੇ ਹੋਰ ਪਤਵੰਤੇ ਹਾਜ਼ਰ ਸਨ।