ਨਸ਼ੀਲੇ ਪਦਾਰਥਾਂ ਤੇ ਅਸਲੇ ਸਣੇ 11 ਗ੍ਰਿਫ਼ਤਾਰ
ਪੱਤਰ ਪ੍ਰੇਰਕ
ਤਰਨ ਤਾਰਨ, 14 ਜੂਨ
ਇਥੇ ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ 11 ਜਣਿਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ 711 ਗਰਾਮ ਹੈਰੋਇਨ ਅਤੇ ਦੋ ਪਿਸਤੌਲ ਬਰਾਮਦ ਕੀਤੇ ਹਨ| ਮੁਲਜ਼ਮਾਂ ਵਿੱਚ ਇਕ ਔਰਤ ਵੀ ਸ਼ਾਮਲ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਥਾਨਕ ਥਾਣਾ ਸਿਟੀ ਦੇ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਤਿੰਨ ਦਿਨ ਪਹਿਲਾਂ ਬੁੱਧਵਾਰ ਦੀ ਰਾਤ ਵੇਲੇ ਇਲਾਕੇ ਦੇ ਪਿੰਡ ਜਰਮਸਤਪੁਰ ਪੁੱਲ ਨੇੜਿਓਂ ਇਕ ਕਾਰ ਸਵਾਰ ਦੋ ਜਣਿਆਂ ਨੂੰ 505 ਗਰਾਮ ਹੈਰੋਇਨ, ਇਕ ਗਲੋਕ ਸਣੇ ਦੋ ਪਿਸਤੌਲ ਅਤੇ ਤਿੰਨ ਜ਼ਿੰਦਾ ਰੌਂਦਾਂ ਸਮੇਤ ਗ੍ਰਿਫਤਾਰ ਕੀਤਾ। ਪੁਲੀਸ ਨੇ ਮੁਲਜ਼ਮਾਂ ਦੀ ਕਾਰ ਵੀ ਆਪਣੇ ਕਬਜ਼ੇ ਵਿੱਚ ਕਰ ਲਈ ਹੈ। ਸਬ-ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਦਮਨਪ੍ਰੀਤ ਸਿੰਘ ਦਮਨ ਵਾਸੀ ਜੰਡਿਆਲਾ ਗੁਰੂ ਅਤੇ ਨਿਸ਼ਾਨ ਸਿੰਘ ਵਾਸੀ ਖੱਖ (ਵੈਰੋਵਾਲ) ਦੇ ਤੌਰ ’ਤੇ ਕੀਤੀ ਗਈ ਹੈ। ਮੁਲਜ਼ਮਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ| ਥਾਣਾ ਪੱਟੀ ਸਿਟੀ ਦੇ ਸਬ-ਇੰਸਪੈਕਟਰ ਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਪੱਟੀ ਦੀ ਪਿੰਕ ਕਲੋਨੀ ਵਾਰਡ ਨੰਬਰ-13 ਦੇ ਵਾਸੀ ਚਾਨਣ ਸਿੰਘ ਅਤੇ ਕੁਲਵਿੰਦਰ ਕੌਰ ਨੂੰ ਬੀਤੇ ਦਿਨ 105 ਗਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਇਸੇ ਦੌਰਾਨ ਝਬਾਲ ਪੁਲੀਸ ਨੇ ਝਬਾਲ ਦੀ ਪੱਕਾ ਕਿਲ੍ਹਾ ਆਬਾਦੀ ਦੇ ਵਾਸੀ ਗੁਰਪ੍ਰੀਤ ਸਿੰਘ ਨੂੰ 58 ਗਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਥਾਣਾ ਸਰਾਏ ਅਮਾਨਤ ਖਾਂ, ਸਥਾਨਕ ਥਾਣਾ ਸਦਰ, ਥਾਣਾ ਪੱਟੀ ਸਦਰ, ਗੋਇੰਦਵਾਲ ਸਾਹਿਬ ਅਤੇ ਖਾਲੜਾ ਪੁਲੀਸ ਨੇ ਛੇ ਜਣਿਆਂ ਤੋਂ 43 ਗਰਾਮ ਹੈਰੋਇਨ ਬਰਾਮਦ ਕੀਤੀ| ਮੁਲਜ਼ਮਾਂ ਨੂੰ ਪੁਲੀਸ ਨੇ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਵਿਰੁਧ ਕੇਸ ਦਰਜ ਕੀਤੇ ਗਏ ਹਨ|