ਪੀ ਆਈ ਐੱਸ ਮੁਹਾਲੀ ਦੀ ਟੀਮ ਨੇ ਇੱਥੇ 69ਵੀਆਂ ਰਾਜ ਪੱਧਰੀ ਖੇਡਾਂ ਦੌਰਾਨ ਲੜਕਿਆਂ ਦੇ ਵਾਲੀਬਾਲ ਮੁਕਾਬਲੇ ’ਚ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਸਕੂਲ ਸਿੱਖਿਆ ਵਿਭਾਗ ਵੱਲੋਂ 69ਵੀਆਂ ਰਾਜ ਪੱਧਰੀ ਖੇਡਾਂ ਦੌਰਾਨ 14 ਸਾਲ ਉਮਰ ਵਰਗ ਦੇ ਲੜਕਿਆਂ ਦੇ ਵਾਲੀਬਾਲ ਮੁਕਾਬਲੇ ਅੱਜ ਸਥਾਨਕ ਸੈਕਟਰ 63 ਦੇ ਬਹੁ-ਮੰਤਵੀ ਸਪੋਰਟਸ ਕੰਪਲੈਕਸ ’ਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਦੀ ਅਗਵਾਈ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਦੀ ਦੇਖ-ਰੇਖ ਹੇਠ ਮੁਕੰਮਲ ਹੋਏ।
ਮੁਕਾਬਲਿਆਂ ਦੌਰਾਨ ਅੱਜ ਪਹਿਲੇ ਸੈਮੀਫਾਈਨਲ ’ਚ ਗੁਰਦਾਸਪੁਰ ਦੀ ਟੀਮ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ, ਦੂਜੇ ਸੈਮੀਫਾਈਨਲ ਵਿੱਚ ਪੀ ਆਈ ਐੱਸ ਮੁਹਾਲੀ ਨੇ ਬਠਿੰਡਾ ਨੂੰ ਹਰਾ ਕੇ ਫਾਈਨਲ ’ਚ ਥਾਂ ਬਣਾਈ। ਫਾਈਨਲ ਵਿੱਚ ਪੀ ਆਈ ਐੱਸ ਮੁਹਾਲੀ ਤੇ ਗੁਰਦਾਸਪੁਰ ਵਿਚਾਲੇ ਫਸਵੇਂ ਮੁਕਾਬਲਾ ਹੋਇਆ ਅਤੇ ਮੇਜ਼ਬਾਨ ਪੀ ਆਈ ਐੱਸ ਮੁਹਾਲੀ ਨੇ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕਰਦਿਆਂ ਸੂਬਾਈ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਤੀਜੇ ਤੇ ਚੌਥੇ ਸਥਾਨ ਲਈ ਹੋਏ ਮੈਚ ’ਚ ਬਠਿੰਡਾ ਨੇ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਨੂੰ ਹਰਾਇਆ।
ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਨੇ ਜੇਤੂ ਤੇ ਉਪਜੇਤੂ ਟੀਮ ਨੂੰ ਟਰਾਫ਼ੀਆਂ ਦੇ ਕੇ ਤੇ ਖਿਡਾਰੀਆਂ ਨੂੰ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਗਿੰਨੀ ਦੁੱਗਲ ਨੇ ਜੇਤੂ ਰਹੀ ਮੇਜ਼ਬਾਨ ਪੀ ਆਈ ਐੱਸ ਟੀਮ ਵੱਲੋਂ ਦਿਖਾਈ ਵਧੀਆ ਖੇਡ ਦੀ ਸ਼ਲਾਘਾ ਕਰਦਿਆਂ ਖਿਡਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਜੇਤੂ ਰਹੀ ਪੀ ਆਈ ਐੱਸ ਮੁਹਾਲੀ ਦੀ ਟੀਮ ਕੌਮੀ ਸਕੂਲ ਖੇਡਾਂ ’ਚ ਪੰਜਾਬ ਦੀ ਨੁਮਾਇੰਦਗੀ ਕਰੇਗੀ।