ਯੂਕਰੇਨ ਨੇ ਲੰਘੀ ਰਾਤ ਦੱਖਣੀ ਰੂਸ ਵਿੱਚ ਇਕ ਪ੍ਰਮੁੱਖ ਗੈਸ ਪ੍ਰੋਸੈਸਿੰਗ ਪਲਾਂਟ ’ਤੇ ਡਰੋਨ ਨਾਲ ਹਮਲਾ ਕੀਤਾ, ਜਿਸ ਕਾਰਨ ਅੱਗ ਲੱਗ ਗਈ। ਸਥਾਨਕ ਗਵਰਨਰ ਨੇ ਇਹ ਜਾਣਕਾਰੀ ਦਿੱਤੀ।
ਜਾਣਕਾਰੀ ਮੁਤਾਬਕ, ਹਮਲੇ ਦੀ ਲਪੇਟ ਵਿੱਚ ਆਇਆ ਓਰੇਨਬਰਗ ਪਲਾਂਟ ਸਰਕਾਰੀ ਮਾਲਕੀ ਵਾਲੀ ਗੈਸ ਕੰਪਨੀ ਗੈਜ਼ਪਰੋਮ ਚਲਾਉਂਦੀ ਹੈ ਅਤੇ ਕਜ਼ਾਖ ਸਰਹੱਦ ਨੇੜੇ ਇਸੇ ਨਾਮ ਦੇ ਖੇਤਰ ਵਿੱਚ ਸਥਿਤ ਹੈ। ਇਹ ਉਤਪਾਦਨ ਅਤੇ ਪ੍ਰਾਸੈਸਿੰਗ ਕੰਪਲੈਕਸ ਦਾ ਹਿੱਸਾ ਹੈ ਜੋ ਦੁਨੀਆ ਦੇ ਆਪਣੀ ਤਰ੍ਹਾਂ ਦੇ ਸਭ ਤੋਂ ਵੱਡੇ ਪਲਾਂਟਾਂ ’ਚੋਂ ਇਕ ਹੈ। ਇਸ ਪਲਾਂਟ ਦੀ ਸਾਲਾਨਾ ਸਮਰੱਥਾ 45 ਅਰਬ ਘਣ ਮੀਟਰ ਹੈ। ਖੇਤਰੀ ਗਵਰਨਰ ਯੇਵਗੈਨੀ ਸੋਲੰਤਸੇਵ ਮੁਤਾਬਕ, ਡਰੋਨ ਹਮਲਿਆਂ ਕਾਰਨ ਪਲਾਂਟ ਦੀ ਵਰਕਸ਼ਾਪ ਵਿੱਚ ਅੱਗ ਲੱਗ ਗਈ ਅਤੇ ਇਸ ਦਾ ਇਕ ਹਿੱਸਾ ਨੁਕਸਾਨਿਆ ਗਿਆ। ਗਵਰਨਰ ਸੋਲੰਤਸੇਵ ਨੇ ਦੱਸਿਆ ਕਿ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਉੱਧਰ, ਰੂਸ ਦੇ ਰੱਖਿਆ ਮੰਤਰਾਲੇ ਨੇ ਅੱਜ ਇਕ ਬਿਆਨ ਵਿੱਚ ਕਿਹਾ ਕਿ ਉਸ ਦੇ ਹਵਾਈ ਰੱਖਿਆ ਬਲਾਂ ਨੇ ਰਾਤ ਸਮੇਂ ਯੂਕਰੇਨ ਦੇ ਦਾਗੇ 45 ਡਰੋਨ ਸੁੱਟ ਲਏ, ਜਿਨ੍ਹਾਂ ’ਚੋਂ ਇਕ ਓਰੇਨਬਰਗ ਖੇਤਰ ਵਿੱਚ ਅਤੇ ਕੁੱਲ 23 ਡਰੋਨ ਨੇੜਲੇ ਸਮਾਰਾ ਤੇ ਸਾਰਾਤੋਵ ਖੇਤਰਾਂ ’ਚ ਡਿੱਗੇ ਹਨ।